ਸ਼੍ਰੀਨਗਰ, 7 ਜਨਵਰੀ -ਜੰਮੂ ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਵਿੱਚ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਰਾਤ ਭਰ ਚਲੇ ਮੁਕਾਬਲੇ ਵਿੱਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀ ਮਾਰੇ ਗਏ ਹਨ। ਪੁਲੀਸ ਨੇ ਨੂੰ ਇਹ ਜਾਣਕਾਰੀ ਦਿੱਤੀ। ਪੁਲੀਸ ਸੂਤਰਾਂ ਅਨੁਸਾਰ ਸ਼ਹਿਰ ਦੇ ਜੋਵਲਾ ਚਦੂਰਾ ਇਲਾਕੇ ਵਿੱਚ ਬੀਤੇ ਸ਼ਾਮ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫ਼ੀਆ ਸੂਚਨਾ ਤੇ ਸੰਯੁਕਤ ਫ਼ੋਰਸਾਂ ਨੇ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ ਅਤੇ ਜਦੋਂ ਸੁਰੱਖਿਆ ਫ਼ੋਰਸ ਲੁਕੇ ਹੋਏ ਅੱਤਵਾਦੀਆਂ ਵੱਲ ਵੱਧਣ ਲੱਗੇ ਸਾਰੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਫ਼ੋਰਸਾਂ ਵੱਲੋਂ ਜਵਾਬੀ ਕਾਰਵਾਈ ਕਰਨ ਤੇ ਮੁਕਾਬਲਾ ਸ਼ੁਰੂ ਹੋਇਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਕਾਸੋ) ਦੌਰਾਨ ਹੋਏ ਮੁਕਾਬਲੇ ਵਿੱਚ ਤਿੰਨ ਅੱਤਵਾਦੀ ਮਾਰੇ ਗਏ ਹਨ।
ਪੁਲੀਸ ਇੰਸਪੈਕਟਰ ਜਨਰਲ ਕਸ਼ਮੀਰ ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਤਿੰਨੋਂ ਅੱਤਵਾਦੀ, ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸੰਪਰਕ ਵਿੱਚ ਸਨ। ਮਾਰੇ ਗਏ ਅੱਤਵਾਦੀ ਵਿੱਚੋਂ ਇੱਕ ਦੀ ਪਛਾਣ ਸ਼੍ਰੀਨਗਰ ਵਾਸੀ ਵਸੀਮ ਦੇ ਰੂਪ ਵਿੱਚ ਹੋਈ ਹੈ। ਪੁਲੀਸ ਦੇ ਇੱਕ ਟਵੀਟ ਵਿੱਚ ਆਈ. ਜੀ. ਪੀ. ਕਸ਼ਮੀਰ ਦੇ ਹਵਾਲੇ ਤੋਂ ਕਿਹਾ ਕਿ ਹੁਣ ਤੱਕ ਇੱਕ ਅੱਤਵਾਦੀ ਦੀ ਪਛਾਣ ਸ਼੍ਰੀਨਗਰ ਸ਼ਹਿਰ ਦੇ ਵਸੀਮ ਦੇ ਰੂਪ ਵਿੱਚ ਹੋਈ ਹੈ। ਉਸ ਕੋਲੋਂ ਤਿੰਨ ਏ. ਕੇ. 56 ਰਾਈਫਲਾਂ ਬਰਾਮਦ ਹੋਈਆਂ ਹਨ। ਜਿਕਰਯੋਗ ਹੈ ਕਿ ਕਸ਼ਮੀਰ ਵਿੱਚ ਇਸ ਸਾਲ ਮੁਕਾਬਲੇ ਵਿੱਚ ਹੁਣ ਤੱਕ ਇੱਕ ਘੁਸਪੈਠੀਏ ਸਮੇਤ 12 ਅੱਤਵਾਦੀ ਮਾਰੇ ਗਏ ਹਨ।