ਬ੍ਰਸੇਲਜ਼, 7 ਜਨਵਰੀ – ਦੁਨੀਆਂ ਭਰ ਵਿੱਚ ਉਈਗਰ ਮਨੁੱਖੀ ਅਧਿਕਾਰਾਂ ਦੇ ਮੁੱਦੇ ਨੂੰ ਲੈ ਕੇ ਚੀਨ ਦਾ ਵਿਰੋਧ ਵੱਧਦਾ ਜਾ ਰਿਹਾ ਹੈ। ਅਮਰੀਕਾ, ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਉਈਗਰ ਨਸਲਕੁਸ਼ੀ ਨੂੰ ਲੈ ਕੇ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਦੇ ਡਿਪਲੋਮੈਟਿਕ ਬਾਈਕਾਟ ਦਾ ਐਲਾਨ ਕੀਤਾ ਹੈ। ਇਸ ਸਿਲਸਿਲੇ ਵਿੱਚ ਯੂਰਪ ਦੇ ਕਈ ਸ਼ਹਿਰਾਂ ਵਿੱਚ ਚੀਨ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨਕਾਰੀਆਂ ਨੇ ਸ਼ਿਨਜਿਆਂਗ ਸੂਬੇ ਵਿੱਚ ਮੁਸਲਿਮ ਘੱਟ ਗਿਣਤੀਆਂ ਤੇ ਅੱਤਿਆਚਾਰਾਂ ਦੇ ਖ਼ਿਲਾਫ਼ ਆਗਾਮੀ ਸਰਦ ਰੁੱਤ ਓਲੰਪਿਕ ਦੇ ਬਾਈਕਾਟ ਦਾ ਸੱਦਾ ਦਿੱਤਾ। ਬੈਲਜੀਅਨ ਉਈਗਰ ਐਸੋਸੀਏਸ਼ਨ ਨੇ ਤਿੱਬਤ ਅਤੇ ਹਾਂਗਕਾਂਗ ਦੇ ਸਮੂਹਾਂ ਦੇ ਨਾਲ, ਯੂਰਪੀਅਨ ਯੂਨੀਅਨ ਦਫ਼ਤਰ ਦੇ ਸਾਹਮਣੇ ਬੀਜਿੰਗ ਸਰਦ ਰੁੱਤ ਓਲੰਪਿਕ ਦਾ ਵਿਰੋਧ ਕੀਤਾ ਅਤੇ ਬ੍ਰਸੇਲਜ਼ ਵਿੱਚ ਚੀਨੀ ਦੂਤਾਵਾਸ ਤੱਕ ਇੱਕ ਰੋਸ ਮਾਰਚ ਵੀ ਕੱਢਿਆ। ਐਂਟਵਰਪ, ਬ੍ਰਿਸਬੇਨ, ਬਰਲਿਨ, ਲੂਸਰਨ ਅਤੇ ਲੰਡਨ ਵਿਚ ਵੀ ਛੋਟੇ-ਛੋਟੇ ਪ੍ਰਦਰਸ਼ਨ ਕੀਤੇ ਗਏ। ਇਸ ਤੋਂ ਪਹਿਲਾਂ, ਬੈਲਜੀਅਮ ਦੇ ਸ਼ਹਿਰ ਐਂਟਵਰਪ ਵਿੱਚ ਸਥਾਨਕ ਉਈਗਰ ਭਾਈਚਾਰੇ ਨੇ ਚੀਨ ਦੇ ਸ਼ਿਨਜਿਆਂਗ ਸੂਬੇ ਵਿੱਚ ਉਈਗਰਾਂ ਵਿਰੁੱਧ ਬੀਜਿੰਗ ਦੀਆਂ ਕਾਰਵਾਈਆਂ ਦਾ ਵਿਰੋਧ ਕੀਤਾ ਅਤੇ ਆਗਾਮੀ ਬੀਜਿੰਗ ਸਰਦ ਰੁੱਤ ਓਲੰਪਿਕ ਖੇਡਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਐਂਟਵਰਪ ਵਿੱਚ ਉਈਗਰ ਭਾਈਚਾਰੇ ਦੇ ਸਥਾਨਕ ਨੇਤਾਵਾਂ ਦੀ ਅਗਵਾਈ ਵਿੱਚ ਪ੍ਰਦਰਸ਼ਨਕਾਰੀਆਂ ਨੇ ਚੀਨ ਵਿਰੋਧੀ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਚੀਨੀ ਅਧਿਕਾਰੀਆਂ ਵੱਲੋਂ ਉਈਗਰ ਭਾਈਚਾਰੇ ਵਿਰੁੱਧ ਕੀਤੇ ਜਾ ਰਹੇ ਸਾਰੇ ਅੱਤਿਆਚਾਰਾਂ ਨੂੰ ਰੋਕਿਆ ਜਾਏ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਰੇ ਯੂਰਪੀ ਦੇਸ਼ਾਂ ਨੂੰ ਬੀਜਿੰਗ ਵਿੱਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਜਿਕਰਯੋਗ ਹੈ ਕਿ ਬੀਜਿੰਗ ਸਰਦ ਰੁੱਤ ਓਲੰਪਿਕ ਖੇਡਾਂ ਇਸ ਸਾਲ ਫਰਵਰੀ ਵਿੱਚ ਹੋਣ ਵਾਲੀਆਂ ਹਨ ਅਤੇ ਅਮਰੀਕਾ ਅਤੇ ਹੋਰ ਕਈ ਦੇਸ਼ਾਂ ਨੇ ਇਸ ਸਮਾਗਮ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦੇ ਬਾਈਕਾਟ ਦੀ ਮੰਗ ਵੀ ਵੱਧ ਰਹੀ ਹੈ।