ਨਵੀਂ ਦਿੱਲੀ, 7 ਜਨਵਰੀ -ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਬੀਤੇ 24 ਘੰਟਿਆਂ ਦੌਰਾਨ ਆਉਣ ਵਾਲੇ ਮਾਮਲੇ 214 ਦਿਨਾਂ ਬਾਅਦ ਇੱਕ ਲੱਖ ਤੋਂ ਵੱਧ ਦਰਜ ਕੀਤਾ ਗਏ, ਜਿਸ ਨਾਲ ਸੰਕਰਮਣ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 3,52,26,387 ਹੋ ਗਈ ਹੈ। ਇਨ੍ਹਾਂ ਵਿੱਚ 27 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਓਮੀਕ੍ਰੋਨ ਦੇ ਰੂਪ ਦੇ 3,007 ਮਾਮਲੇ ਵੀ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰਾਲਾ ਵੱਲੋਂ ਸਵੇਰੇ ਜਾਰੀ ਅੰਕੜਿਆਂ ਅਨੁਸਾਰ, ਹੁਣ ਤੱਕ ਆਏ ਓਮੀਕ੍ਰੋਨ ਦੇ ਕੁੱਲ ਮਾਮਲਿਆਂ ਵਿੱਚੋਂ 1,199 ਵਿਅਕਤੀ ਸਿਹਤਮੰਦ ਹੋ ਗਏ ਜਾਂ ਦੇਸ਼ ਛੱਡ ਕੇ ਚਲੇ ਗਏ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 876 ਮਾਮਲੇ ਆਏ। ਇਸ ਤੋਂ ਬਾਅਦ ਦਿੱਲੀ ਵਿੱਚ 465, ਕਰਨਾਟਕ ਵਿੱਚ 333, ਰਾਜਸਥਾਨ ਵਿੱਚ 291, ਕੇਰਲ ਵਿੱਚ 284 ਅਤੇ ਗੁਜਰਾਤ ਵਿੱਚ 204 ਮਾਮਲੇ ਆਏ। ਦੇਸ਼ ਵਿੱਚ ਇੱਕ ਦਿਨ ਵਿੱਚ ਇਸ ਮਹਾਮਾਰੀ ਦੇ 1,17,100 ਨਵੇਂ ਮਾਮਲੇ ਆਏ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 3,71,363 ਹੋ ਗਈ, ਜੋ ਕਰੀਬ 120 ਦਿਨਾਂ ਵਿੱਚ ਸਭ ਤੋਂ ਵੱਧ ਹੈ। ਇੰਕ ਦਿਨ ਵਿੱਚ 302 ਮਰੀਜ਼ਾਂ ਦੇ ਜਾਨ ਗੁਆਉਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4,83,178 ਹੋ ਗਈ ਹੈ।
ਦੇਸ਼ ਵਿੱਚ ਪਿਛਲੇ ਸਾਲ 7 ਜੂਨ ਨੂੰ ਇਕ ਲੱਖ ਤੋਂ ਵੱਧ ਮਾਮਲੇ ਆਏ ਸਨ ਅਤੇ ਉਦੋਂ ਕੁੱਲ 1,00,636 ਮਾਮਲੇ ਦਰਜ ਕੀਤੇ ਗਏ। ਮੰਤਰਾਲਾ ਨੇ ਦੱਸਿਆ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਸੰਕਰਮਣ ਦੇ ਕੁੱਲ ਮਾਮਲਿਆਂ ਦਾ 1.05 ਫੀਸਦੀ ਹੈ, ਜਦੋਂ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਰਾਸ਼ਟਰੀ ਦਰ 97.57 ਫੀਸਦੀ ਹੈ। 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 85,962 ਦਾ ਵਾਧਾ ਹੋਇਆ ਹੈ। ਉੱਥੇ ਹੀ ਦੇਸ਼ ਭਰ ਵਿੱਚ ਹੁਣ ਤੱਕ ਕੁੱਲ 1,49,66,81,156 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਾਏ ਜਾ ਚੁਕੇ ਹਨ।