ਨਵੀਂ ਦਿੱਲੀ, 7 ਜਨਵਰੀ -ਪੰਜਾਬ ਦੌਰੇ ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਹੋਈ ਅਣਗਹਿਲੀ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਸ ਮਾਮਲੇ ਤੇ ਗ੍ਰਹਿ ਮੰਤਰਾਲਾ ਨੇ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਤਿੰਨ ਮੈਂਬਰਾਂ ਵਾਲੀ ਇਸ ਕਮੇਟੀ ਦੀ ਅਗਵਾਈ ਕੈਬਨਿਟ ਸਕੱਤਰੇਤ (ਸੁਰੱਖਿਆ) ਸੁਧੀਰ ਕੁਮਾਰ ਸਕਸੈਨਾ ਕਰਨਗੇ। ਇਸ ਤੋਂ ਇਲਾਵਾ ਕਮੇਟੀ ਵਿੱਚ ਆਈ. ਬੀ. ਦੇ ਸੰਯੁਕਤ ਡਾਇਰੈਕਟਰ ਬਲਬੀਰ ਸਿੰਘ ਅਤੇ ਐੱਸ. ਪੀ. ਜੀ. ਆਈ. ਜੀ. ਐੱਸ. ਸੁਰੇਸ਼ ਸ਼ਾਮਲ ਹਨ।
ਇਸ ਮਾਮਲੇ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੀ. ਐੱਮ. ਮੋਦੀ ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਸਾਡੀਆਂ ਸਰਹੱਦਾਂ ਤੇ ਜੋ ਹੋ ਰਿਹਾ ਹੈ ਉਹ ਵੀ ਰਾਸ਼ਟਰੀ ਸੁਰੱਖਿਆ ਦੀ ਇੱਕ ਵੱਡੀ ਅਣਗਹਿਲੀ ਹੈ, ਕੀ ਪੀ. ਐੱਮ. ਕਦੇ ਇਸ ਬਾਰੇ ਗੱਲ ਕਰਨਗੇ?
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਹੁਲ ਨੇ ਸਾਲ ਦੇ ਆਖ਼ਰੀ ਦਿਨ ਇੱਕ ਟਵੀਟ ਕਰ ਕੇ ਚੀਨ ਦੇ ਅਰੁਣਾਚਲ ਪ੍ਰਦੇਸ਼ ਵਿੱਚ 15 ਥਾਂਵਾਂ ਦੇ ਨਵੇਂ ਨਾਮ ਰੱਖਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਵਿੰਨ੍ਹਿਆ ਸੀ। ਰਾਹੁਲ ਨੇ ਇੱਕ ਅਖ਼ਬਾਰ ਵਿੱਚ ਛਪੀ ਇੱਕ ਰਿਪੋਰਟ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ ਹਾਲੇ ਕੁਝ ਦਿਨ ਪਹਿਲਾਂ ਅਸੀਂ 1971 ਵਿੱਚ ਭਾਰਤ ਦੀ ਜਿੱਤ ਨੂੰ ਯਾਦ ਕਰ ਰਹੇ ਸੀ। ਦੇਸ਼ ਦੀ ਸੁਰੱਖਿਆ ਅਤੇ ਜਿੱਤ ਲਈ ਸਮਝਦਾਰੀ ਅਤੇ ਮਜ਼ਬੂਤ ਫ਼ੈਸਲਿਆਂ ਦੀ ਜ਼ਰੂਰਤ ਹੁੰਦੀ ਹੈ। ਖੋਖਲ੍ਹੇ ਜੁਮਲਿਆਂ ਨਾਲ ਜਿੱਤ ਨਹੀਂ ਮਿਲਦੀ।