ਝਾਰਖੰਡ, 16 ਦਸੰਬਰ – ਉਭਰਦੀ ਮਹਿਲਾ ਨਿਸ਼ਾਨੇਬਾਜ਼ ਕੋਨਿਕਾ ਲਾਇਕ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਉਹ ਝਾਰਖੰਡ ਦੇ ਧਨਬਾਦ ਦੀ ਰਹਿਣ ਵਾਲੀ ਸੀ ਅਤੇ ਇਸ ਸਮੇਂ ਕੋਲਕਾਤਾ ਵਿੱਚ ਹੋਸਟਲ ਵਿੱਚ ਰਹਿ ਕੇ ਰਾਈਫਲ ਸ਼ੂਟਿੰਗ ਦੀ ਟ੍ਰੇਨਿੰਗ ਲੈ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕੋਨਿਕਾ ਨੇ ਹੋਸਟਲ ਵਿੱਚ ਹੀ ਫਾਂਸੀ ਲਗਾਈ।
ਜਿਕਰਯੋਗ ਹੈ ਕਿ ਇੱਕ ਹਫ਼ਤਾ ਪਹਿਲਾਂ ਵੀ ਫ਼ਰੀਦਕੋਟ ਦੀ ਇੱਕ ਹੋਣਹਾਰ ਸ਼ੂਟਿੰਗ ਖਿਡਾਰਨ ਖੁਸ਼ਸੀਰਤ ਕੌਰ ਨੇ ਨੈਸ਼ਨਲ ਸ਼ੂਟਿੰਗ ਚੈਪੀਅਨਸ਼ਿਪ ਵਿੱਚ ਮੈਡਲ ਨਾ ਜਿੱਤਣ ਦੇ ਸਦਮੇਂ ਦੇ ਚੱਲਦਿਆਂ ਆਪਣੀ ਹੀ ਸ਼ੂਟਿੰਗ ਗੰਨ ਨਾਲ ਖੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ।
ਕੋਨਿਕਾ ਨੇ ਝਾਰਖੰਡ ਸੂਬਾ ਪੱਧਰ ਤੇ ਕਈ ਮੈਡਲ ਵੀ ਜਿੱਤੇ। ਉਹ 10 ਮੀਟਰ ਏਅਰ ਰਾਈਫਲ ਕੈਟੇਗਰੀ ਵਿੱਚ ਸਟੇਟ ਚੈਂਪੀਅਨ ਸੀ। ਕੁੱਝ ਮਹੀਨੇ ਪਹਿਲਾਂ ਕੋਨਿਕਾ ਉਸ ਸਮੇਂ ਚਰਚਾ ਵਿੱਚ ਆਈ ਸੀ, ਜਦੋਂ ਅਦਾਕਾਰ ਸੋਨੂੰ ਸੂਦ ਤੋਂ ਉਸ ਨੇ ਰਾਈਫਲ ਲਈ ਮਦਦ ਮੰਗੀ ਸੀ। ਉਸ ਸਮੇਂ ਕੋਨਿਕਾ ਦੀ ਚੋਣ ਨੈਸ਼ਨਲ ਟੀਮ ਵਿੱਚ ਹੋਈ ਸੀ ਪਰ ਉਸ ਕੋਲ ਖ਼ੁਦ ਦੀ ਰਾਈਫਲ ਨਹੀਂ ਸੀ। ਇਸੇ ਦੇ ਚੱਲਦੇ ਉਹ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕੀ ਸੀ। ਫਿਰ ਉਸ ਨੇ ਸੋਨੂੰ ਸੂਦ ਤੋਂ ਮਦਦ ਮੰਗੀ। ਫਿਰ ਸੋਨੂੰ ਸੂਦ ਨੇ 2.70 ਲੱਖ ਰੁਪਏ ਦੀ ਜਰਮਨ ਰਾਈਫਲ ਉਸ ਲਈ ਭੇਜੀ ਸੀ। ਇਸ ਤੋਂ ਕੋਨਿਕਾ ਲਾਇਕ ਨੇ ਟਵੀਟ ਕਰਕੇ ਸੋਨੂੰ ਸੂਦ ਦਾ ਧੰਨਵਾਦ ਕੀਤਾ ਸੀ। ਇਸ ਤੋਂ ਪਹਿਲਾਂ ਤੱਕ ਉਹ ਆਪਣੇ ਕੋਚ ਰਜਿੰਦਰ ਸਿੰਘ ਅਤੇ ਦੋਸਤਾਂ ਦੀ ਰਾਈਫਲ ਜ਼ਰੀਏ ਹੀ ਅਭਿਆਸ ਕਰਦੀ ਸੀ।
ਕੋਨਿਕਾ ਦਿੱਗਜ ਸ਼ੂਟਰ ਜੈਦੀਪ ਕਰਮਾਕਰ ਦੀ ਅਕੈਡਮੀ ਵਿੱਚ ਕੋਲਕਾਤਾ ਵਿੱਚ ਟ੍ਰੇਨਿੰਗ ਲੈ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ 3-4 ਦਿਨਾਂ ਤੋਂ ਅਕੈਡਮੀ ਵੀ ਨਹੀਂ ਗਈ ਸੀ। ਅਜਿਹਾ ਕਦਮ ਉਸ ਨੇ ਕਿਉਂ ਚੁੱਕਿਆ ਇਸ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।