ਰਾਜਸਥਾਨ, 10 ਨਵੰਬਰ -ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਅੱਜ ਇੱਕ ਬੱਸ ਅਤੇ ਟਰੱਕ ਵਿਚਾਲੇ ਜਬਰਦਸਤ ਟੱਕਰ ਹੋ ਗਈ ਜਿਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਘਟਨਾ ਵਿੱਚ ਬੱਸ ਵਿੱਚ ਸਵਾਰ 5 ਵਿਅਕਤੀਆਂ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ। ਉੱਥੇ ਹੀ ਕਰੀਬ ਅੱਧਾ ਦਰਜਨ ਯਾਤਰੀ ਝੁਲਸ ਜਾਣ ਦੀ ਜਾਣਕਾਰੀ ਹੈ। ਘਟਨਾ ਦੀ ਸੂਚਨਾ ਮਿਲਣ ਤੇ ਪੁਲੀਸ ਅਤੇ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਫਾਇਰ ਵਿਭਾਗ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਬਾੜਮੇਰ ਜ਼ਿਲ੍ਹੇ ਦੇ ਪਚਪਦਰਾ ਥਾਣਾ ਖੇਤਰ ਦੇ ਜੋਧਪੁਰ ਹਾਈਵੇਅ ਤੇ ਹੋਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਅਤੇ ਫਾਇਰ ਵਿਭਾਗ ਦੀਆਂ ਗੱਡੀਆਂ ਮੌਕੇ ਤੇ ਪੁੱਜੀਆਂ ਅਤੇ ਅੱਗ ਤੇ ਕਾਬੂ ਪਾਇਆ ਗਿਆ। ਅਚਾਨਕ ਅੱਗ ਲੱਗਣ ਕਾਰਨ ਬੱਸ ਵਿੱਚ ਬੈਠੀਆਂ ਸਵਾਰੀਆਂ ਵਿੱਚ ਅਫ਼ੜਾ-ਦਫੜੀ ਮਚ ਗਈ। ਅੱਗ ਵਿੱਚ ਝੁਲਸਣ ਨਾਲ ਹੁਣ ਤੱਕ 5 ਵਿਅਕਤੀਆਂ ਦੀ ਮੌਤ ਦੀ ਖ਼ਬਰ ਹੈ। ਹਾਦਸੇ ਵਿੱਚ ਝੁਲਸੇ ਹੋਏ ਵਿਅਕਤੀਆਂ ਨੂੰ ਬਾਲੋਤਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਮਗਰੋਂ ਹਾਈਵੇਅ ਦੇ ਦੋਵਾਂ ਪਾਸੇ ਲੰਬਾ ਜਾਮ ਲੱਗ ਗਿਆ।
ਘਟਨਾ ਤੋਂ ਬਾਅਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਸ਼ਲ ਮੀਡੀਆ ਜ਼ਰੀਏ ਕਿਹਾ ਕਿ ਬਾੜਮੇਰ ਵਿੱਚ ਹੋਏ ਬੱਸ-ਟਰੱਕ ਹਾਦਸੇ ਦੇ ਸਬੰਧ ਵਿੱਚ ਜ਼ਿਲ੍ਹਾ ਕਲੈਕਟਰ ਬਾੜਮੇਰ ਨਾਲ ਫੋਨ ਤੇ ਗੱਲਬਾਤ ਕਰ ਕੇ ਰਾਹਤ ਅਤੇ ਬਚਾਅ ਕੰਮਾਂ ਦੇ ਸਬੰਧ ਵਿੱਚ ਨਿਰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਝੁਲਸੇ ਲੋਕਾਂ ਦਾ ਬਿਹਤਰ ਇਲਾਜ ਯਕੀਨੀ ਕੀਤਾ ਜਾਵੇਗਾ।