ਉੱਤਰ ਪ੍ਰਦੇਸ਼, 10 ਨਵੰਬਰ – ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਕਾਂਡ ਵਿੱਚ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਮਾਮਲੇ ਦੇ ਮੁੱਖ ਮੁਲਜ਼ਮ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਨੇ ਗੋਲੀ ਚਲਾਈ ਸੀ। ਰਾਈਫਲ ਅਤੇ ਦੋ ਹੋਰ ਹਥਿਆਰਾਂ ਤੋਂ ਗੋਲੀ ਚਲਾਉਣ ਦੀ ਪੁਸ਼ਟੀ ਕੀਤੀ ਗਈ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਕਾਰ ਚੜ੍ਹਾ ਦਿੱਤੀ ਅਤੇ ਇਸ ਦੌਰਾਨ ਗੋਲੀਆਂ ਚਲਾਈਆਂ ਗਈਆਂ। 9 ਅਕਤੂਬਰ ਨੂੰ ਆਸ਼ੀਸ਼ ਅਤੇ ਉਸ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਅੰਕਿਤ ਦਾਸ ਅਤੇ ਲਤੀਫ ਕਾਲੇ ਕੋਲੋਂ ਲਾਇਸੈਂਸੀ ਰਾਈਫਲਾਂ, ਪਿਸਤੌਲ, ਰਿਵਾਲਵਰ ਅਤੇ ਰੀਪੀਟਰ ਬੰਦੂਕ ਬਰਾਮਦ ਕੀਤੀ ਗਈ ਸੀ। ਇਨ੍ਹਾਂ ਹਥਿਆਰਾਂ ਨੂੰ ਜਾਂਚ ਲਈ 15 ਅਕਤੂਬਰ ਨੂੰ ਫੋਰੈਂਸਿਕ ਸਾਇੰਸ ਲੈਬਾਰਟਰੀ ਭੇਜਿਆ ਗਿਆ ਸੀ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚਾਰੇ ਹਥਿਆਰਾਂ ਦੀ ਫੋਰੈਂਸਿਕ ਜਾਂਚ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਆਸ਼ੀਸ਼ ਦੀ ਰਾਈਫਲ ਸਮੇਤ ਤਿੰਨ ਹਥਿਆਰਾਂ ਤੇ ਗੋਲੀਬਾਰੀ ਕੀਤੀ ਗਈ ਸੀ। ਹਾਲਾਂਕਿ ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਗੋਲੀਆਂ ਕਿਸ ਸਮੇਂ ਚਲਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਬਰਾਮਦ ਹੋਈ ਰਾਈਫਲ ਆਸ਼ੀਸ਼ ਦੀ ਹੈ, ਜਦਕਿ ਪਿਸਤੌਲ ਅੰਕਿਤ ਦਾਸ ਦੀ ਹੈ ਅਤੇ ਰਿਪੀਟਰ ਬੰਦੂਕ ਉਸ ਦੇ ਸੁਰੱਖਿਆ ਗਾਰਡ ਲਤੀਫ ਦੀ ਹੈ ਅਤੇ ਇਨ੍ਹਾਂ ਸਾਰਿਆਂ ਵੱਲੋਂ ਗੋਲੀ ਚੱਲਣ ਦੀ ਪੁਸ਼ਟੀ ਕੀਤੀ ਗਈ ਹੈ।