ਗੁਰੂ ਹਰਸਹਾਏ (ਫਿਰੋਜ਼ਪੁਰ) 2 ਅਕਤੂਬਰ ( ) ਕੈਬਨਿਟ ਮੰਤਰੀ ਖੇਡਾਂ ਤੇ ਯੁਵਕ ਸੇਵਾਵਾਂ ਪੰਜਾਬ ਸ੍ਰ: ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਵੀਰਵਾਰ ਨੂੰ ਸ੍ਰੀ ਗੁਰੂ ਰਾਮਦਾਸ ਸਟੇਡੀਅਮ ਗੁਰੂਹਰਸਹਾਏ ਵਿਖੇ ਹਲਕੇ ਦੀਆਂ 50 ਤੋਂ ਵੱਧ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 2 ਕਰੋੜ 28 ਲੱਖ ਤੋਂ ਵੱਧ ਦੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰ; ਗੁਰਪਾਲ ਸਿੰਘ ਚਾਹਲ, ਸ. ਰਵਿੰਦਰ ਸਿੰਘ ਅਰੋੜਾ ਐਸ.ਡੀ.ਐਮ, ਸੀਨੀਅਰ ਕਾਂਗਰਸੀ ਆਗੂ ਅਨੁਮੀਤ ਸਿੰਘ ਹੀਰਾ ਸੋਢੀ ਵੀ ਮੌਜੂਦ ਸਨ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਉਨ੍ਹਾਂ ਦਾ ਇੱਕੋ ਇੱਕ ਸੁਪਨਾ ਗੁਰੂਹਰਸਹਾਏ ਹਲਕੇ ਨੂੰ ਵਿਕਾਸ ਪੱਖੋਂ ਸੂਬੇ ਦਾ ਸਭ ਤੋਂ ਵਧੀਆ ਹਲਕਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦਾ ਵੀ ਸ਼ਹਿਰਾਂ ਦੇ ਬਰਾਬਰ ਦਾ ਵਿਕਾਸ ਕੀਤਾ ਜਾਵੇਗਾ, ਜਿਸ ਤਹਿਤ ਅੱਜ 50 ਦੇ ਕਰੀਬ ਪੰਚਾਇਤਾਂ ਨੂੰ 2 ਕਰੋੜ 28 ਲੱਖ ਦੀ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ ਤੇ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਵਿਸ਼ੇਸ਼ ਗਰਾਂਟਾ ਤੇ ਪ੍ਰਾਜੈਕਟ ਲਿਆ ਕੇ ਹਲਕੇ ਦੇ ਵਿਕਾਸ ਨੂੰ ਸਿੱਖਰਾਂ ਤੇ ਲੈ ਕੇ ਜਾਣਗੇ।
ਸ੍ਰ: ਰਾਣਾ ਸੋਢੀ ਨੇ ਅੱਗੇ ਦੱਸਿਆ ਕਿ 8 ਕਰੋੜ ਦੀ ਲਾਗਤ ਨਾਲ ਸ੍ਰੀ ਗੁਰੂ ਰਾਮਦਾਸ ਸਟੇਡੀਅਮ ਦਾ ਕਾਯਾਕਲਪ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ 9 ਕਰੋੜ ਦੀ ਰਾਸ਼ੀ ਨਾਲ ਨਿਵੇਕਲਾ ਇੰਨਡੋਰ ਸਟੇਡੀਅਮ ਵੀ ਬਣਾਇਆ ਜਾਵੇਗਾ, ਜਿਸ ਨਾਲ ਸਮੂੱਚੇ ਗੁਰੂਹਰਸਹਾਏ ਦੇ ਖਿਡਾਰੀਆਂ ਨੂੰ ਪ੍ਰੈਕਟਿਸ ਕਰਨ ਲਈ ਆਧੁਨਿਕ ਖੇਡ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਇਸ ਦੇ ਬਣਨ ਨਾਲ ਹਲਕੇ ਦੇ ਹੋਰਨਾਂ ਨੋਜਵਾਨਾਂ ਵਿੱਚ ਵੀ ਖੇਡਾਂ ਪ੍ਰਤੀ ਉਤਸ਼ਾਹ ਵੱਧੇਗਾ ਅਤੇ ਉਨ੍ਹਾਂ ਨੂੰ ਆਪਣੀ ਖੇਡ ਵਿੱਚ ਅੱਗੇ ਵੱਧਣ ਦਾ ਮੌਕਾ ਮਿਲੇਗਾ।
ਇਸ ਮੌਕੇ ਕਾਂਗਰਸੀ ਆਗੂ ਅੰਮ੍ਰਿਤਪਾਲ ਸਿੰਘ, ਗੁਰਦੀਪ ਸਿੰਘ ਢਿੱਲੋ, ਨਸੀਬ ਸਿੰਘ ਸੰਧੂ, ਦਵਿੰਦਰ ਜੰਗ, ਵੇਦ ਪ੍ਰਕਾਸ਼ ਚੇਅਰਮੈਨ ਮਾਰਕੀਟ ਕਮੇਟੀ, ਪ੍ਰਧਾਨ ਆੜਤੀਆ ਐਸੋਸੀਏਸ਼ਨ ਰਵੀ ਸ਼ਰਮਾ, ਅੰਗਰੇਜ ਸਿੰਘ, ਬਲਕਾਰ ਸਿੰਘ, ਵਿੱਕੀ ਸੰਧੂ, ਸੋਹਣ ਸਿੰਘ, ਨਛੱਤਰ ਸਿੰਘ, ਕੁਲਦੀਪ ਧਵਨ, ਦੀਪੂ ਨਰੂਲਾ, ਵਿੱਕੀ ਨਰੂਲਾ ਆਦਿ ਹਾਜ਼ਰ ਸਨ।