ਲਖਨਊ, 1 ਨਵੰਬਰ – ਕਾਂਗਰਸ ਜਨਰਲ ਸਕੱਤਰ ਅਤੇ ਪਾਰਟੀ ਦੀ ਉੱਤਰ ਪ੍ਰਦੇਸ਼ ਮੁਖੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਔਰਤਾਂ ਲਈ ਇੱਕ ਵੱਖਰਾ ਮੈਨੀਫੈਸਟੋ ਤਿਆਰ ਕੀਤਾ ਹੈ। ਪ੍ਰਿਯੰਕਾ ਨੇ ਟਵੀਟ ਕੀਤਾ ਕਿ ਉੱਤਰ ਪ੍ਰਦੇਸ਼ ਦੀ ਮੇਰੀਆਂ ਭੈਣਾਂ, ਤੁਹਾਡਾ ਹਰ ਦਿਨ ਸੰਘਰਸ਼ਾਂ ਨਾਲ ਭਰਿਆ ਹੈ। ਕਾਂਗਰਸ ਪਾਰਟੀ ਨੇ ਇਸ ਨੂੰ ਸਮਝਦੇ ਹੋਏ ਵੱਖ ਤੋਂ ਮਹਿਲਾ ਮੈਨੀਫੈਸਟੋ ਤਿਆਰ ਕੀਤਾ ਹੈ। ਉਨ੍ਹਾਂ ਨੇ ਇਸੇ ਟਵੀਟ ਵਿੱਚ ਮੈਨੀਫੈਸਟੋ ਵਿੱਚ ਸ਼ਾਮਲ ਕੁਝ ਵਾਅਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਸਾਲਾਨਾ ਭਰੇ ਹੋਏ ਤਿੰਨ ਰਸੋਈ ਗੈਸ ਸਿਲੰਡਰ ਮੁਫ਼ਤ ਦਿੱਤੇ ਜਾਣਗੇ। ਨਾਲ ਹੀ ਪ੍ਰਦੇਸ਼ ਦੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਯਾਤਰਾ ਦਾ ਪ੍ਰਬੰਧ ਹੋਵੇਗਾ। ਪ੍ਰਿਯੰਕਾ ਨੇ ਇਸ ਟਵੀਟ ਨਾਲ ਇੱਕ ਤਸਵੀਰ ਨੂੰ ਵੀ ਟੈਗ ਕੀਤਾ, ਜਿਸ ਵਿੱਚ ਔਰਤਾਂ ਨੂੰ ਲੈ ਕੇ ਕਈ ਵਾਅਦਿਆਂ ਦਾ ਜ਼ਿਕਰ ਹੈ।
ਪ੍ਰਿਯੰਕਾ ਮੁਤਾਬਕ ਆਸ਼ਾ ਅਤੇ ਆਂਗਨਬਾੜੀ ਵਰਕਰਾਂ ਨੂੰ ਹਰ ਮਹੀਨੇ 10,000 ਰੁਪਏ ਭੱਤਾ ਦੇਣ, ਨਵੇਂ ਸਰਕਾਰੀ ਅਹੁਦਿਆਂ ਤੇ ਰਾਖਵਾਂਕਾਰਨ ਦੀਆਂ ਵਿਵਸਥਾਵਾਂ ਮੁਤਾਬਕ 40 ਫ਼ੀਸਦੀ ਅਹੁਦਿਆਂ ਤੇ ਔਰਤਾਂ ਦੀ ਨਿਯੁਕਤੀ, 1000 ਰੁਪਏ ਪ੍ਰਤੀ ਮਹੀਨਾ ਬਜ਼ੁਰਗ-ਵਿਧਵਾ ਪੈਨਸ਼ਨ ਦੇਣ ਅਤੇ ਉੱਤਰ ਪ੍ਰਦੇਸ਼ ਦੀਆਂ ਵਿਰਾਂਗਨਾਵਾਂ ਦੇ ਨਾਂ ਤੇ ਪ੍ਰਦੇਸ਼ ਭਰ ਵਿੱਚ 75 ਸਮਰੱਥਾ ਸਕੂਲ ਖੁੱਲ੍ਹਣ ਦੇ ਵਾਅਦੇ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਕਾਂਗਰਸ ਦਾ ਗੁਆਚਿਆ ਹੋਇਆ ਜਨਾਧਾਰ ਵਾਪਸ ਦਿਵਾਉਣ ਦੀ ਕੋਸ਼ਿਸ਼ ਵਿੱਚ ਜੁੱਟੀ ਪ੍ਰਿਯੰਕਾ ਗਾਂਧੀ ਆਪਣੀ ਚੋਣ ਮੁਹਿੰਮ ਦੌਰਾਨ ਖ਼ਾਸ ਤੌਰ ਤੇ ਔਰਤਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ ਉੱਤਰ ਪ੍ਰਦੇਸ਼ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਵਿੱਚ 40 ਫ਼ੀਸਦੀ ਸੀਟਾਂ ਤੇ ਮਹਿਲਾ ਉਮੀਦਵਾਰ ਉਤਾਰਨ ਦੇ ਐਲਾਨ ਦੇ ਨਾਲ-ਨਾਲ ਵਿਦਿਆਰਥਣਾਂ ਨੂੰ ਸਮਾਰਟਫੋਨ ਅਤੇ ਇਲੈਕਟ੍ਰਿਕ ਸਕੂਟੀ ਦੇਣ ਦਾ ਵੀ ਐਲਾਨ ਕਰ ਚੁੱਕੀ ਹੈ।