ਲਖਨਊ, 4 ਜੁਲਾਈ- ਉੱਤਰ ਪ੍ਰਦੇਸ਼ ਮੈਟਰੋ ਰੇਲ ਕਾਰਪੋਰੇਸ਼ਨ (ਯੂ ਪੀ ਐਮ ਆਰ ਸੀ) ਨੇ ਤਕਨੀਕੀ ਖਾਮੀਆਂ ਕਾਰਨ ਕਾਨਪੁਰ-ਆਗਰਾ ਮੈਟਰੋ ਲਈ ਚੀਨੀ ਕੰਪਨੀ ਦਾ ਟੈਂਡਰ ਰੱਦ ਕਰ ਦਿੱਤਾ ਹੈ| ਕਾਰਪੋਰੇਸ਼ਨ ਨੇ ਕਾਨਪੁਰ ਅਤੇ ਆਗਰਾ ਮੈਟਰੋ ਪ੍ਰਾਜੈਕਟਾਂ ਲਈ ਮੈਟਰੋ ਟ੍ਰੇਨਾਂ (ਰੋਲਿੰਗ ਸਟਾਕ) ਦੀ ਸਪਲਾਈ, ਟੈਸਟਿੰਗ ਅਤੇ ਚਾਲੂ ਕਰਨ ਦੇ ਨਾਲ-ਨਾਲ ਰੇਲਵੇ ਨਿਯੰਤਰਣ ਅਤੇ ਸਿਗਨਲਿੰਗ ਪ੍ਰਣਾਲੀ ਦਾ ਇਕਰਾਰਨਾਮਾ ਬੰਬਾਰਡੀਅਰ ਟ੍ਰਾਂਸਪੋਰਟ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਦਿੱਤਾ ਹੈ|
ਇਸ ਦੇ ਲਈ ਚੀਨੀ ਕੰਪਨੀ ਸੀਆਰਆਰਸੀ ਨੈਨਜਿੰਗ ਪੂਜਹੇਨ ਲਿਮਟਿਡ ਨੇ ਵੀ ਟੈਂਡਰ ਜਮ੍ਹਾ ਕਰਵਾਏ ਸਨ ਪਰ ਤਕਨੀਕੀ ਖਾਮੀਆਂ ਕਾਰਨ ਚੀਨੀ ਕੰਪਨੀ ਅਯੋਗ ਕਰਾਰ ਦਿੱਤੀ ਗਈ| ਬੰਬਾਰਡੀਅਰ ਟ੍ਰਾਂਸਪੋਰਟ ਇੰਡੀਆ ਪ੍ਰਾਈਵੇਟ ਲਿਮਟਿਡ ਇੱਕ ਭਾਰਤੀ ਸੰਘ (ਕੰਪਨੀਆਂ ਦਾ ਸਮੂਹ) ਹੈ| ਕਾਨਪੁਰ ਅਤੇ ਆਗਰਾ ਦੋਵਾਂ ਮੈਟਰੋ ਪ੍ਰਾਜੈਕਟਾਂ ਲਈ ਕੁੱਲ 67 ਰੇਲ ਗੱਡੀਆਂ ਦੀ ਸਪਲਾਈ ਕੀਤੀ ਜਾਏਗੀ, ਜਿਨ੍ਹਾਂ ਵਿਚੋਂ ਹਰੇਕ ਵਿਚ 3 ਕੋਚ ਹੋਣਗੇ|
39 ਟ੍ਰੇਨਾਂ ਕਾਨਪੁਰ ਲਈ ਅਤੇ 28 ਰੇਲ ਗੱਡੀਆਂ ਆਗਰਾ ਲਈ ਹੋਣਗੀਆਂ| ਇਕ ਰੇਲ ਗੱਡੀ ਦੀ ਯਾਤਰੀ ਸਮਰੱਥਾ ਲਗਭਗ 980 ਹੋਵੇਗੀ ਭਾਵ ਹਰੇਕ ਕੋਚ ਵਿਚ ਲਗਭਗ 315-350 ਯਾਤਰੀ ਯਾਤਰਾ ਕਰ ਸਕਣਗੇ|