ਪਟਿਆਲਾ, 1 ਨਵੰਬਰ- ਪਟਿਆਲਾ ਦੀ ਲੱਕੜ ਮੰਡੀ ਵਿਖੇ ਤੜਕਸਾਰ ਤਿੰਨ ਪਲਾਸਟਿਕ ਦੇ ਗੁਦਾਮਾਂ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਤਕਰੀਬਨ ਪੰਜ ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ ਅੱਗ ਤੇ ਭਾਵੇਂ ਕਾਬੂ ਪਾ ਲਿਆ ਗਿਆ ਪ੍ਰੰਤੂ ਉਦੋਂ ਤੱਕ ਗੁਦਾਮਾਂ ਵਿੱਚ ਪਿਆ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ।
ਇਸ ਸਬੰਧੀ ਫਾਇਰ ਅਫਸਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸਾਢੇ 3 ਵਜੇ ਸੂਚਨਾ ਮਿਲੀ ਸੀ ਕਿ ਲੱਕੜ ਮੰਡੀ ਵਿਖੇ ਇੱਕ ਪਲਾਸਟਿਕ ਦੇ ਗੁਦਾਮ ਨੂੰ ਅੱਗ ਲੱਗ ਗਈ ਹੈ। ਜਦੋਂ ਉਨ੍ਹਾਂ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਉਸ ਦੇ ਨਾਲ ਲੱਗਦੇ ਤਿੰਨ ਗੁਦਾਮਾਂ ਨੂੰ ਅੱਗ ਲੱਗੀ ਹੋਈ ਸੀ। ਇਸ ਉਪਰੰਤ ਵੱਖ-ਵੱਖ ਥਾਵਾਂ ਤੇ ਤਾਇਨਾਤ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਵੀ ਸੂਚਿਤ ਕੀਤਾ ਗਿਆ। ਮੌਕੇ ਤੇ ਪੁੱਜੀਆਂ 18 ਤੋਂ 20 ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਹੈ ਪ੍ਰੰਤੂ ਉਦੋਂ ਤੱਕ ਗੁਦਾਮਾਂ ਵਿੱਚ ਪਿਆ ਕਰੋੜਾਂ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ।