ਨਵੀਂ ਦਿੱਲੀ, 16 ਜੂਨ= ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘੇਰਦੇ ਹੋਏ ਕਿਹਾ ਕਿ ਕੋਵਿਡ-19 ਕਾਰਨ ਸਭ ਤੋਂ ਵੱਧ ਮੌਤ ਦਰ ਦੇ ਅੰਕੜਿਆਂ ਨੇ ਗੁਜਰਾਤ ਮਾਡਲ ਦੀ ਪੋਲ ਖੋਲ੍ਹ ਦਿੱਤੀ ਹੈ| ਰਾਹੁਲ ਨੇ ਅੱਜ ਟਵੀਟ ਕਰ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਸਿਤ ਗੁਜਰਾਤ ਅਤੇ ਕਾਂਗਰਸ ਦੇ ਸਹਿਯੋਗੀ ਦਲਾਂ ਦੇ ਸ਼ਾਸਨ ਵਾਲੇ 6 ਸੂਬਿਆਂ ਵਿੱਚ ਕੋਰੋਨਾ ਕਾਰਨ ਹੋਣ ਵਾਲੀ ਮੌਤ ਦਰ ਦੇ ਅੰਕੜੇ ਦਿੰਦੇ ਹੋਏ ਕਿਹਾ ਕਿ ਇਨ੍ਹਾਂ 7 ਸੂਬਿਆਂ ਵਿੱਚੋਂ ਸਭ ਤੋਂ ਵਧ ਮੌਤਾਂ ਗੁਜਰਾਤ ਵਿੱਚ ਹੋਈਆਂ ਹਨ, ਜਿਸ ਨਾਲ ਸ਼੍ਰੀ ਮੋਦੀ ਦੇ ਗੁਜਰਾਤ ਮਾਡਲ ਦੀ ਪੋਲ ਖੁੱਲ੍ਹ ਗਈ ਹੈ|
ਉਨ੍ਹਾਂ ਕਿਹਾ,”ਕੋਵਿਡ-19 ਮੌਤ ਦਰ- ਗੁਜਰਾਤ 6.25 ਫੀਸਦੀ, ਮਹਾਰਾਸ਼ਟਰ 3.73 ਫੀਸਦੀ, ਰਾਜਸਥਾਨ 2.32 ਫੀਸਦੀ, ਪੰਜਾਬ 2.17 ਫੀਸਦੀ, ਪੁਡੂਚੇਰੀ 1.98 ਫੀਸਦੀ, ਝਾਰਖੰਡ 0.5 ਫੀਸਦੀ ਅਤੇ ਛੱਤੀਸਗੜ੍ਹ 0.35 ਫੀਸਦੀ| ਇਸ ਨਾਲ ਗੁਜਰਾਤ ਮਾਡਲ ਦੀ ਖੁੱਲ੍ਹ ਗਈ ਪੋਲ|”
ਜਿਕਰਯੋਗ ਹੈ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵਾਇਰਸ ਦੇ 10,667 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ 10,215 ਮਰੀਜ਼ ਰੋਗ ਮੁਕਤ ਹੋਏ ਹਨ| ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮਾ ਵਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ ਨਵੇਂ ਮਾਮਲਿਆਂ ਨਾਲ ਮਰੀਜ਼ਾਂ ਦੀ ਗਿਣਤੀ ਵੱਧ ਕੇ 3,43,091 ਹੋ ਗਈ ਹੈ| ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 9900 ਹੋ ਗਈ ਹੈ| ਦੇਸ਼ ਵਿੱਚ ਇਸ ਸਮੇਂ 1,53,178 ਸਰਗਰਮ ਮਾਮਲੇ ਹਨ, ਜਦੋਂ ਕਿ ਇਸ ਮਹਾਮਾਰੀ ਤੋਂ ਨਿਜਾਤ ਪਾਉਣ ਵਾਲਿਆਂ ਦੀ ਗਿਣਤੀ 1,80,013 ਹੈ|