ਐਸ ਏ ਐਸ ਨਗਰ, 17 ਸਤੰਬਰ – ਭਾਰਤੀ ਵਿਦਿਆ ਭਵਨ ਚੰਡੀਗੜ੍ਹ ਦੇ ਲੈਕਚਰਾਰ ਡਾ ਸਰਨਜੀਤ ਕੌਰ ਵਲੋਂ ਪਿੰਡ ਮੌਲੀ ਬੈਦਵਾਨ ਵਿਖੇ ਭਾਈ ਘਨੱਈਆ ਜੀ ਕੇਅਰ ਸਪੋਰਟ ਸੁਸਾਇਟੀ ਵਲੋਂ ਚਲਾਏ ਜਾ ਰਹੇ ਸਿਲਾਈ ਕਢਾਈ ਸੈਂਟਰ ਦਾ ਦੌਰਾ ਕੀਤਾ ਗਿਆ ਅਤੇ ਵਿਦਿਆਰਥਣਾਂ ਨੂੰ ਇੱਕ ਲੈਪਟਾਪ ਕੁਝ ਕਿਤਾਬਾਂ ਦਿਤੀਆਂ ਗਈਆਂ।
ਇਸ ਮੌਕੇ ਡਾ ਸਰਨਜੀਤ ਕੌਰ ਨੇ ਸੈਂਟਰ ਦੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੂੰ ਪਲਾਸਟਿਕ ਦੇ ਪ੍ਰਦੂਸ਼ਨ ਤੇ ਕਾਬੂ ਕਰਨ ਲਈ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪਲਾਸਟਿਕ ਨਾ ਗਲਦਾ ਹੈ ਅਤੇ ਨਾ ਇਸਨੂੰ ਸਾੜਿਆ ਜਾ ਸਕਦਾ ਹੈ, ਪਰ ਇਸਦੀਆਂ ਕੱਚੀਆਂ ਇੱਟਾਂ ਬਣਾ ਕੇ ਘਰ ਸਕੂਲ ਅੰਦਰ ਕਈ ਲਾਭ ਲਏ ਜਾ ਸਕਦੇ ਹਨ।
ਉਹਨਾਂ ਕਿਹਾ ਕਿ ਪਲਾਸਟਿਕ ਦੇ ਲਿਫਾਫਿਆਂ ਨੂੰ ਪਲਾਸਟਿਕ ਦੀਆਂ ਬੋਤਲਾਂ ਵਿੱਚ ਭਰ ਕੇ ਉਹਨਾਂ ਤੋਂ ਇੱਟਾਂ ਦਾ ਕੰਮ ਲਿਆ ਜਾ ਸਕਦਾ ਹੈ ਅਤੇ ਖਾਲੀ ਬੋਤਲਾਂ ਵਿਚ ਪੌਦੇ ਵੀ ਲਗਾਏ ਜਾ ਸਕਦੇ ਹਨ।
ਉਹਨਾਂ ਕਿਹਾ ਕਿ ਚੰਗੀਆ ਕਿਤਾਬਾਂ ਵੱਧ ਸਮਾਂ ਲਗਾਕੇ ਵਾਰ ਵਾਰ ਪੜਣ ਨਾਲ ਗਿਆਨ ਵਧਦਾ ਜਾਂਦਾ ਹੈ ਅਤੇ ਗਿਆਨਵਾਨ ਵਿਅਕਤੀ ਹੀ ਆਪਣੇ ਦੇਸ਼, ਸਮਾਜ, ਪਰਿਵਾਰ ਅਤੇ ਆਪਣੇ ਆਪ ਦਾ ਕਲਿਆਣ ਕਰ ਸਕਦਾ ਹੈ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਸ੍ਰੀ ਕੇ ਕੇ ਸੈਣੀ, ਸੇਵਾਮੁਕਤ ਡਿਪਟੀ ਸਕੱਤਰ ਪੰਜਾਬ ਰੈਡ ਕਰਾਸ, ਪ੍ਰਧਾਨ ਸ੍ਰੀ ਸੰਜੀਵ ਰਾਬਰਾ, ਸ੍ਰੀ ਐਮ ਜੀ ਅਗਨੀਹੋਤਰੀ, ਅਧਿਆਪਕਾ ਸ੍ਰੀਮਤੀ ਪੂਨਮ ਵੀ ਹਾਜਿਰ ਸਨ।