October 11, 2021 -ਪੁੰਛ, 11 ਅਕਤੂਬਰ ਜੰਮੂ ਕਸ਼ਮੀਰ ਦੇ ਪੁੰਛ, ਅਨੰਤਨਾਗ ਅਤੇ ਬਾਂਦੀਪੁਰਾ ਜਿਲਿਆਂ ਵਿੱਚ ਹੋਏ ਵੱਖ ਵੱਖ ਮੁਕਾਬਲਿਆਂ ਵਿੱਚ 5 ਸੁਰਖਿਆ ਕਰਮਚਾਰੀ ਸ਼ਹੀਦ ਹੋ ਗਏ , ਜਦੋਂਕਿ ਸੁਰਖਿਆ ਦਸਤਿਆਂ ਹੱਥੋਂ 2 ਅੱਤਵਾਦੀ ਮਾਰੇ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਅੱਤਵਾਦ ਰੋਕੂ ਮੁਹਿੰਮ ਵਿੱਚ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਇਕ ‘ਜੂਨੀਅਰ ਕਮੀਸ਼ੰਡ ਅਧਿਕਾਰੀ’ (ਜੇ. ਸੀ. ਓ.) ਸਮੇਤ ਫ਼ੌਜ ਦੇ 5 ਜਵਾਨ ਸ਼ਹੀਦ ਹੋ ਗਏ ਹਨ। ਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੁਨਰਕੋਟ ਵਿੱਚ ਡੀ. ਕੇ. ਜੀ. ਕੋਲ ਇਕ ਪਿੰਡ ਵਿੱਚ ਤੜਕੇ ਇਕ ਮੁਹਿਮ ਸ਼ੁਰੂ ਕੀਤੀ ਗਈ। ਆਖ਼ਰੀ ਰਿਪੋਰਟ ਮਿਲਣ ਤੱਕ ਮੁਕਾਬਲਾ ਜਾਰੀ ਸੀ। ਲੁਕੇ ਹੋਏ ਅੱਤਵਾਦੀਆਂ ਦੇ ਸੁਰੱਖਿਆ ਫ਼ੋਰਸ ਤੇ ਗੋਲੀਬਾਰੀ ਕਰਨ ਨਾਲ ਇਕ ਜੇ. ਸੀ. ਓ. ਅਤੇ ਚਾਰ ਹੋਰ ਜਵਾਨ ਜ਼ਖਮੀ ਹੋ ਗਏ। ਸਾਰਿਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਹਥਿਆਰਾਂ ਨਾਲ ਅੱਤਵਾਦੀਆਂ ਦੇ ਕੰਟਰੋਲ ਰੇਖਾ ਪਾਰ ਕਰ ਕੇ ਚਰਮੇਰ ਦੇ ਜੰਗਲ ਵਿੱੱਚ ਲੁਕੇ ਹੋਣ ਦੀ ਖ਼ਬਰ ਮਿਲੀ ਸੀ। ਮੌਕੇ ਤੇ ਐਡੀਸ਼ਨਲ ਫ਼ੋਰਸ ਨੂੰ ਭੇਜਿਆ ਗਿਆ ਤਾਂ ਕਿ ਅੱਤਵਾਦੀਆਂ ਦੇ ਨਿਕਲਣ ਦੇ ਸਾਰੇ ਰਸਤੇ ਬੰਦ ਕੀਤੇ ਜਾ ਸਕਣ।
ਇਸੇ ਦੌਰਾਨ ਜੰਮੂ ਕਸ਼ਮੀਰ ਦੇ ਅਨੰਤਨਾਗ ਅਤੇ ਬਾਂਦੀਪੁਰਾ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ਵਿੱਚ 2 ਅੱਤਵਾਦੀ ਮਾਰੇ ਗਏ ਅਤੇ ਇੱਕ ਪੁਲੀਸ ਮੁਲਾਜ਼ਮ ਜ਼ਖਮੀ ਹੋ ਗਿਆ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਨੇ ਅਨੰਤਨਾਗ ਜ਼ਿਲ੍ਹੇ ਦੇ ਵੇਰਿਨਾਗ ਇਲਾਕੇ ਦੇ ਖਾਗੁੰਡ ਵਿੱਚ ਘੇਰਾਬੰਦੀ ਕਰ ਕੇ ਤਲਾਸ਼ ਮੁਹਿੰਮ ਸ਼ੁਰੂ ਕੀਤੀ ਸੀ। ਅੱਤਵਾਦੀਆਂ ਦੇ ਸੁਰੱਖਿਆ ਫ਼ੋਰਸਾਂ ਤੇ ਗੋਲੀਬਾਰੀ ਕਰਨ ਨਾਲ ਮੁਹਿੰਮ ਮੁਕਾਬਲੇ ਵਿੱਚ ਤਬਦੀਲ ਹੋ ਗਈ। ਫ਼ੋਰਸ ਨੇ ਵੀ ਗੋਲੀਬਾਰੀ ਦਾ ਪੂਰਾ ਜਵਾਬ ਦਿੱਤਾ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਜਦੋਂ ਕਿ ਇੱਕ ਪੁਲੀਸ ਮੁਲਾਜ਼ਮ ਜ਼ਖਮੀ ਹੋ ਗਿਆ।
ਉਨ੍ਹਾਂ ਦੱਸਆ ਕਿ ਦੂਜੇ ਮੁਕਾਬਲੇ ਵਿੱਚ ਬਾਂਦੀਪੁਰਾ ਜ਼ਿਲ੍ਹੇ ਦੇ ਹਾਜ਼ਿਨ ਇਲਾਕੇ ਦੇ ਗੁੰਡਜਹਾਂਗੀਰ ਵਿੱਚ ਹੋਇਆ ਜਿੱਥੇ ਲਸ਼ਕਰ-ਏ-ਤੋਇਬਾ ਦਾ ਇੱਕ ਅੱਤਵਾਦੀ ਮਾਰਿਆ ਗਿਆ। ਕਸ਼ਮੀਰ ਦੇ ਪੁਲੀਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਟਵੀਟ ਕੀਤਾ ਕਿ ਮਾਰੇ ਗਏ ਅੱਤਵਾਦੀ ਦੀ ਪਛਾਣ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਟੀ. ਆਰ. ਐੱਫ.) ਦੇ ਇਮਤਿਆਜ਼ ਅਹਿਮਦ ਡਾਰ ਦੇ ਰੂਪ ਵਿੱਚ ਹੋਈ ਹੈ। ਉਹ ਸ਼ਾਹਗੁੰਡ ਬਾਂਦੀਪੁਰਾ ਵਿੱਚ ਹਾਲ ਵਿੱਚ ਹੋਈ ਇੱਕ ਨਾਗਰਿਕ ਦੀ ਹੱਤਿਆ ਵਿੱਚ ਸ਼ਾਮਲ ਸੀ।