October 11, 2021-ਨਵੀਂ ਦਿੱਲੀ, 11 ਅਕਤੂਬਰ ਭਾਰਤੀ ਫ਼ੌਜ ਨੇ ਕਿਹਾ ਕਿ ਚੀਨ ਦੀ ਫ਼ੌਜ ਨਾਲ ਬੀਤੇ ਦਿਨ ਹੋਈ 13ਵੇਂ ਦੌਰ ਦੀ ਗੱਲਬਾਤ ਵਿੱਚ ਪੂਰਬੀ ਲੱਦਾਖ ਵਿੱਚ ਪੈਂਡਿੰਗ ਮੁੱਦਿਆਂ ਤੇ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਭਾਰਤੀ ਫ਼ੌਜ ਨੇ ਕਿਹਾ ਕਿ ਗੱਲਬਾਤ ਦੌਰਾਨ ਭਾਰਤੀ ਪੱਖ ਨੇ ਬਾਕੀ ਦੇ ਖੇਤਰਾਂ ਵਿੱਚ ਮੁੱਦਿਆਂ ਦੇ ਹੱਲ ਲਈ ਸਕਾਰਾਤਮਕ ਸੁਝਾਅ ਦਿੱਤੇ ਪਰ ਚੀਨੀ ਪੱਖ ਉਨ੍ਹਾਂ ਨਾਲ ਸਹਿਮਤ ਨਹੀਂ ਲੱਗਾ ਅਤੇ ਉਹ ਅੱਗੇ ਵਧਣ ਦੀ ਦਿਸ਼ਾ ਵਿੱਚ ਕੋਈ ਪ੍ਰਸਤਾਵ ਵੀ ਨਹੀਂ ਦੇ ਸਕਿਆ। ਫ਼ੌਜ ਨੇ ਇਕ ਬਿਆਨ ਵਿੱਚ ਕਿਹਾ ਕਿ ਮੀਟਿੰਗ ਵਿੱਚ ਬਾਕੀ ਦੇ ਖੇਤਰਾਂ ਵਿੱਚ ਮੁੱਦਿਆਂ ਦੇ ਹੱਲ ਲਈ ਕਿਸੇ ਨਤੀਜੇ ਤੇ ਨਹੀਂ ਪਹੁੰਚੇ। ਇਹ ਗੱਲਬਾਤ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਤੇ ਚੁਸ਼ੂਲ-ਮੋਲਦੋ ਖੇਤਰ ਵਿੱਚ ਚੀਨ ਵੱਲੋਂ ਬੀਤੇ ਦਿਨ ਹੋਈ। ਗੱਲਬਾਤ ਕਰੀਬ ਸਾਢੇ 8 ਘੰਟੇ ਤੱਕ ਚੱਲੀ।
ਫ਼ੌਜ ਨੇ ਕਿਹਾ ਕਿ ਗੱਲਬਾਤ ਦੌਰਾਨ ਭਾਰਤੀ ਪੱਖ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਐੱਲ. ਏ. ਸੀ. ਤੇ ਜੋ ਹਾਲਾਤ ਬਣੇ, ਉਹ ਮੌਜੂਦਾ ਸਥਿਤੀ ਨੂੰ ਬਦਲਣ ਦੇ ਚੀਨ ਦੀ ਇਕ ਪਾਸੜ ਕੋਸ਼ਿਸ਼ਾਂ ਕਾਰਨ ਪੈਦਾ ਹੋਏ ਹਨ ਅਤੇ ਇਹ ਦੋ-ਪੱਖੀ ਸਮਝੌਤਿਆਂ ਦਾ ਉਲੰਘਣ ਵੀ ਕਰਦੇ ਹਨ।
ਉਸ ਨੇ ਕਿਹਾ ਕਿ ਇਸ ਲਈ ਇਹ ਜ਼ਰੂਰੀ ਹੈ ਕਿ ਚੀਨੀ ਪੱਖ ਅਸਲ ਕੰਟਰੋਲ ਰੇਖਾ ਤੇ ਅਮਨ ਅਤੇ ਚੈਨ ਦੀ ਬਹਾਲੀ ਲਈ ਬਾਕੀ ਦੇ ਖੇਤਰਾਂ ਵਿੱਚ ਉੱਚਿਤ ਕਦਮ ਚੁੱਕੇ। ਭਾਰਤੀ ਪੱਖ ਨੇ ਜ਼ੋਰ ਦੇ ਕੇ ਕਿਹਾ ਕਿ ਬਾਕੀ ਦੇ ਖੇਤਰਾਂ ਵਿੱਚ ਪੈਂਡਿੰਗ ਮੁੱਦਿਆਂ ਦੇ ਹੱਲ ਨਾਲ ਦੋ-ਪੱਖੀ ਸੰਬੰਧਾਂ ਵਿੱਚ ਪ੍ਰਗਤੀ ਹੋਵੇਗੀ।
ਫ਼ੌਜ ਨੇ ਕਿਹਾ ਕਿ ਬੈਠਕ ਦੌਰਾਨ ਭਾਰਤੀ ਪੱਖ ਨੇ ਬਾਕੀ ਦੇ ਖੇਤਰਾਂ ਵਿੱਚ ਮੁੱਦਿਆਂ ਦੇ ਹੱਲ ਲਈ ਸਕਾਰਾਤਮਕ ਸੁਝਾਅ ਦਿੱਤੇ ਪਰ ਚੀਨੀ ਪੱਖ ਉਨ੍ਹਾਂ ਨਾਲ ਸਹਿਮਤ ਨਹੀਂ ਲੱਗਾ। ਉਸ ਨੇ ਇਸ ਦਿਸ਼ਾ ਵਿੱਚ ਅੱਗੇ ਵਧਣ ਨੂੰ ਲੈ ਕੇ ਕੋਈ ਪ੍ਰਸਤਾਵ ਵੀ ਨਹੀਂ ਦਿੱਤੇ। ਉਸ ਨੇ ਕਿਹਾ ਕਿ ਦੋਵੇਂ ਪੱਖ ਜ਼ਮੀਨੀ ਪੱਧਰ ਤੇ ਸਥਿਰਤਾ ਬਣਾਏ ਰੱਖਣ ਅਤੇ ਗੱਲਬਾਤ ਕਾਇਮ ਰੱਖਣ ਤੇ ਸਹਿਮਤ ਹੋਏ। ਫ਼ੌਜ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਚੀਨੀ ਪੱਖ ਦੋ-ਪੱਖੀ ਸੰਬੰਧਾਂ ਦੇ ਸੰਪੂਰਨ ਦ੍ਰਿਸ਼ ਨੂੰ ਧਿਆਨ ਵਿੱਚ ਰੱਖੇਗਾ ਅਤੇ ਦੋ-ਪੱਖੀ ਸਮਝੌਤਿਆਂ ਅਤੇ ਨਿਯਮਾਂ ਦਾ ਪਾਲਣ ਕਰਦੇ ਹੋਏ ਪੈਂਡਿੰਗ ਮੁੱਦਿਆਂ ਦੇ ਜਲਦ ਹੱਲ ਲਈ ਕੰਮ ਕਰੇਗਾ।