ਮੁਹਾਲੀ ਵਿੱਚ ਧਰਨੇ ਤੇ ਬੈਠੇ ਅੰਗਹੀਣਾਂ ਦਾ ਦੁੱਖ ਸੁਣਨ ਮੁੱਖ ਮੰਤਰੀ ਚੰਨੀ : ਸਤਵੀਰ ਸਿੰਘ ਧਨੋਆ
October 11, 2021-ਐਸ ਏ ਐਸ ਨਗਰ, 11 ਅਕਤੂਬਰ- ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ (ਰਜਿ.) ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅੰਗਹੀਣ ਵਿਅਕਤੀਆਂ ਨੂੰ ਉਨ੍ਹਾਂ ਦੇ ਕੋਟੇ ਦੇ ਹਿਸਾਬ ਨਾਲ ਸਰਕਾਰੀ ਨੌਕਰੀਆਂ ਦਿਤੀਆਂ ਜਾਣ। ਧਨੋਆ ਨੇ ਕਿਹਾ ਕਿ ਅੰਗਹੀਣ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਉਨ੍ਹਾਂ ਨੂੰ ਵੀ ਹੋਰਨਾਂ ਵਾਂਗ ਬਰਾਬਰ ਅਧਿਕਾਰ ਤੇ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਲਈ ਇਹ ਨਮੋਸ਼ੀ ਵਾਲੀ ਗੱਲ ਹੈ ਕਿ ਅੰਗਹੀਣ ਵਿਅਕਤੀਆਂ ਨੂੰ ਅਪਣੇ ਹੱਕ ਲੈਣ ਲਈ ਗੁਰਦੁਆਰੇ ਦੇ ਸਾਹਮਣੇ ਧਰਨਾ ਲਾਉਣਾ ਪੈ ਰਿਹਾ ਹੈ ਪਰ ਅੱਜ ਤਕ ਕਿਸੇ ਵੀ ਅਧਿਕਾਰੀ ਜਾਂ ਸਰਕਾਰ ਦੇ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ।
ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਸ. ਧਨੋਆ ਨੇ ਕਿਹਾ ਹੈ ਕਿ ਮੁਹਾਲੀ ਦੇ ਗੁਰਦਵਾਰਾ ਅੰਬ ਸਾਹਿਬ ਦੇ ਸਾਹਮਣੇ ਮੈਦਾਨ ਵਿੱਚ ਅੰਗਹੀਣ ਵਿਅਕਤੀ ਧਰਨੇ ਤੇ ਬੈਠੇ ਹੋਏ ਹਨ ਜਿਹੜੇ ਇਲਜਾਮ ਲਗਾ ਰਹੇ ਹਨ ਕਿ ਸਰਕਾਰੀ ਨੌਕਰੀਆਂ ਵਿੱਚ ਉਨ੍ਹਾਂ ਦਾ ਚਾਰ ਫ਼ੀਸਦੀ ਕੋਟਾ ਰਾਖਵਾਂ ਹੋਣ ਦੇ ਬਾਵਜੂਦ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਇਸ ਕੋਟੇ ਦਾ ਲਾਭ ਉਨ੍ਹਾਂ ਨੂੰ ਨਹੀਂ ਮਿਲ ਰਿਹਾ। ਸz. ਧਨੋਆ ਨੇ ਲਿਖਿਆ ਹੈ ਕਿ ਅੰਗਹੀਣਾਂ ਦਾ ਇਲਜਾਮ ਹੈ ਕਿ ਜਦੋਂ ਵੀ ਉਹਨਾਂ ਲਈ ਨੌਕਰੀਆਂ ਨਿਕਲਦੀਆਂ ਹਨ ਤਾਂ ਉਨ੍ਹਾਂ ਦੀ ਬਾਕਾਇਦਾ ਇੰਟਰਵਿਊ ਲਈ ਜਾਂਦੀ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਭਰਤੀ ਸਿਰਫ਼ ਉਨ੍ਹਾਂ ਵਿਅਕਤੀਆਂ ਨੂੰ ਕੀਤਾ ਜਾਂਦਾ ਹੈ ਜਿਹੜੇ ਸਰੀਰਕ ਤੌਰ ਤੇ ਫਿੱਟ ਹੁੰਦੇ ਹਨ।
ਸ. ਧਨੋਆ ਨੇ ਆਖਿਆ ਕਿ ਚਾਰ ਫ਼ੀਸਦੀ ਕੋਟੇ ਵਾਲੀ ਨੀਤੀ ਹੋਣ ਦੇ ਬਾਵਜੂਦ ਜੇਕਰ ਅੰਗਹੀਣ ਆਪਣੇ ਬਣਦੇ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ ਤਾਂ ਇਸਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਸਬੰਧਿਤ ਅਧਿਕਾਰੀ ਅਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਜਾਂ ਤਾਂ ਅਪਣੇ ਵਾਕਫ਼ਾਂ ਤੇ ਸਿਫ਼ਾਰਸ਼ੀਆਂ ਨੂੰ ਨੌਕਰੀ ਦਿਵਾ ਦਿੰਦੇ ਹਨ ਜਾਂ ਉਹ ਵਿਅਕਤੀ ਨੌਕਰੀ ਲੈ ਜਾਂਦੇ ਹਨ ਜਿਨ੍ਹਾਂ ਨੇ ਅੰਗਹੀਣਤਾ ਦੇ ਜਾਅਲੀ ਸਰਟੀਫ਼ੀਕੇਟ ਬਣਵਾਏ ਹੁੰਦੇ ਹਨ ਜਦਕਿ ਅਸਲੀ ਹੱਕਦਾਰ ਨੌਕਰੀ ਤੋਂ ਵਿਰਵੇ ਰਹਿ ਜਾਂਦੇ ਹਨ।
ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਅਪਣਾ ਨੁਮਾਇੰਦਾ ਭੇਜ ਕੇ ਧਰਨਾਕਾਰੀ ਅੰਗਹੀਣਾਂ ਦੀ ਗੱਲ ਸੁਣਨ ਅਤੇ ਉਨ੍ਹਾਂ ਦੀਆਂ ਮੰਗਾਂ ਤੇ ਯੋਗ ਕਾਰਵਾਈ ਕਰਨ।