October 7, 2021 -ਸ਼੍ਰੀਨਗਰ, 7 ਅਕਤੂਬਰ ਜੰਮੂ-ਕਸ਼ਮੀਰ ਵਿੱਚ ਇੱਕ ਵਾਰ ਫਿਰ ਅੱਤਵਾਦੀਆਂ ਦੀ ਵਾਰਦਾਤ ਸਾਹਮਣੇ ਆਈ ਹੈ। ਅੱਤਵਾਦੀਆਂ ਨੇ ਇੱਕ ਸਕੂਲ ਨੂੰ ਨਿਸ਼ਾਨਾ ਬਣਾਇਆ, ਜਿੱਥੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ਼੍ਰੀਨਗਰ ਦੇ ਈਦਗਾਹ ਸੰਗਮ ਇਲਾਕੇ ਦੇ ਇੱਕ ਸਰਕਾਰੀ ਸਕੂਲ ਵਿੱਚ ਵਾਪਰੀ, ਜਿੱਥੇ ਅੱਤਵਾਦੀਆਂ ਵੱਲੋਂ ਇਸ ਬੇਰਹਿਮ ਕਾਰੇ ਨੂੰ ਅੰਜ਼ਾਮ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕਰੀਬ ਸਵਾ 11 ਵਜੇ ਅੱਤਵਾਦੀਆਂ ਨੇ ਈਦਗਾਹ ਦੇ ਸੰਗਮ ਇਲਾਕੇ ਵਿੱਚ ਬਣੇ ਗਵਰਨਮੈਂਟ ਬੁਆਏਜ਼ ਸਕੂਲ ਵਿੱਚ ਗੋਲੀਬਾਰੀ ਕੀਤੀ। ਇਸ ਵਿੱਚ ਸਕੂਲ ਦੀ ਪ੍ਰਿੰਸੀਪਲ ਸੁਪਿੰਦਰ ਕੌਰ ਅਤੇ ਅਧਿਆਪਕ ਦੀਪਕ ਚੰਦ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਦੋਵਾਂ ਦੀ ਮੌਤ ਹੋ ਗਈ। ਇਸ ਦਰਮਿਆਨ ਸੁਰੱਖਿਆ ਫੋਰਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਜਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿੱਚ ਅੱਤਵਾਦੀ ਆਪਣਾ ਆਤੰਕ ਵਿਖਾਉਣ ਲਈ ਹੁਣ ਆਮ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਅੱਤਵਾਦੀ ਆਮ ਨਾਗਰਿਕਾਂ ਨੂੰ ਕਤਲ ਕਰ ਚੁੱਕੇ ਹਨ। ਅੱਜ ਇੱਕ ਵਾਰ ਫਿਰ ਅੱਤਵਾਦੀਆਂ ਵੱਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ।