October 7, 2021 ਬਾਰਾਬੰਕੀ, 7 ਅਕਤੂਬਰ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਦੇ ਥਾਣਾ ਦੇਵਾ ਖੇਤਰ ਦੇ ਪਿੰਡ ਬਬੁਰੀ ਨੇੜੇ ਵਾਲਵੋ ਬੱਸ ਅਤੇ ਟਰੱਕ ਵਿਚਾਲੇ ਟੱਕਰ ਦੌਰਾਨ ਬੱਸ ਸਵਾਰ 9 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 27 ਵਿਅਕਤੀ ਜ਼ਖਮੀ ਹੋ ਗਏ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਦਸੇ ਤੇ ਦੁੱਖ ਜ਼ਾਹਰ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਮਦਦ ਰਾਸ਼ੀ ਦੇਣ ਦੇ ਨਿਰਦੇਸ਼ ਦਿੱਤੇ ਹਨ।
ਪੁਲਸ ਇੰਸਪੈਕਟਰ ਯਮੁਨਾ ਪ੍ਰਸਾਦ ਨੇ ਦੱਸਿਆ ਕਿ ਸਵੇਰੇ ਕੁਰਸੀ ਦੇਵਾ ਰੋਡ ਤੇ ਦਿੱਲੀ ਤੋਂ ਬਹਿਰਾਈਚ ਜਾ ਰਹੀ ਇਕ ਵਾਲਵੋ ਬੱਸ ਦੇ ਸਾਹਮਣੇ ਅਚਾਨਕ ਇੱਕ ਗਊ ਦੇ ਆ ਜਾਣ ਨਾਲ ਬੱਸ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਹਾਦਸੇ ਦੇ ਸਮੇਂ ਬੱਸ ਵਿੱਚ 70 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚੋਂ 9 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ, ਜਦਕਿ 27 ਹੋਰ ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਲਖਨਊ ਟਰਾਮਾ ਸੈਂਟਰ ਭੇਜਿਆ ਗਿਆ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬਾਰਾਬੰਕੀ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਲੋਕਾਂ ਦੀ ਮੌਤ ਤੇ ਸੋਗ ਜ਼ਾਹਰ ਕੀਤਾ ਹੈ। ਮੁੁੱਖ ਮੰਤਰੀ ਨੇ ਇਸ ਹਾਦਸੇ ਵਿੱਚ ਜ਼ਖਮੀ ਲੋਕਾਂ ਦਾ ਇਲਾਜ ਕਰਾਉਣ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਅਤੇ ਰਾਹਤ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਆਦਿੱਤਿਆਨਾਥ ਨੇ ਹਾਦਸੇ ਵਿੱਚ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਆਰਥਿਕ ਮਦਦ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।