October 7, 2021 -ਕਰਾਚੀ, 7 ਅਕਤੂਬਰ ਪਾਕਿਸਤਾਨ ਦੇ ਬਲੂਚਿਸਤਾਨ ਵਿੱਚ ਤੜਕੇ ਆਏ 5.9 ਤੀਬਰਤਾ ਦੇ ਭੂਚਾਲ ਵਿੱਚ 20 ਵਿਅਕਤੀਆਂ ਦੀ ਮੌਤ ਹੋ ਗਈ ਅਤੇ 300 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋਏ ਹਨ।
ਆਫ਼ਤ ਪ੍ਰਬੰਧਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਅਜੇ ਹੋਰ ਵੱਧ ਸਕਦੀ ਹੈ। ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ ਹਰਨਾਈ ਵਿੱਚ 15 ਕਿਲੋਮੀਟਰ ਦੀ ਡੂੰਘਾਈ ਤੇ ਸੀ।
ਸੂਬਾਈ ਆਪਦਾ ਪ੍ਰਬੰਧਨ ਅਥਾਰਟੀ (ਪੀ. ਡੀ. ਐਮ. ਏ.) ਨੇ ਕਿਹਾ ਕਿ ਮ੍ਰਿਤਕਾਂ ਵਿੱਚ ਕਈ ਔਰਤਾਂ ਅਤੇ ਬੱਚੇ ਸ਼ਾਮਲ ਹਨ। ਸ਼ੁਰੂਆਤੀ ਝਟਕੇ ਤੜਕੇ 3 ਵੱਜ ਕੇ 20 ਮਿੰਟ ਤੇ ਮਹਿਸੂਸ ਕੀਤੇ ਗਏ ਸਨ, ਜਿਸ ਤੋਂ ਘਬਰਾਏ ਲੋਕ ਘਰਾਂ ਵਿੱਚੋਂ ਬਾਹਰ ਨਿਕਲ ਆਏ।
ਖੇਤਰ ਦੇ ਡਿਪਟੀ ਕਮਿਸ਼ਨਰ ਸੁਹੇਲ ਅਨਵਰ ਹਾਸ਼ਮੀ ਮੁਤਾਬਕ ਕਈ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।
ਹਰਨਾਈ ਵਿੱਚ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਕਈ ਲੋਕ ਮਲਬੇ ਹੇਠਾਂ ਦੱਬੇ ਗਏ ਹਨ। ਇਲਾਕੇ ਵਿੱਚ ਬਿਜਲੀ ਸਪਲਾਈ ਵੀ ਠੱਪ ਹੈ। ਬਚਾਅ ਕੰਮ ਨਾਲ ਜੁੜੇ ਹੋਰ ਸੂਤਰਾਂ ਨੇ ਦੱਸਿਆ ਕਿ ਹਰਨਾਈ ਵਿੱਚ 70 ਤੋਂ ਜ਼ਿਆਦਾ ਮਕਾਨ ਨੁਕਸਾਨੇ ਗਏ ਹਨ।