October 6, 2021-ਨਵੀਂ ਦਿੱਲੀ, 6 ਅਕਤੂਬਰ – ਯੂ.ਪੀ. ਦੇ ਲਖੀਮਪੁਰ ਖੀਰੀ ਦੇ ਤਿਕੁਨੀਆ ਵਿੱਚ 3 ਅਕਤੂਬਰ ਨੂੰ ਹੋਈ ਹਿੰਸਾ ਤੋਂ ਬਾਅਦ ਘਮਾਸਾਨ ਮਚਿਆ ਹੈ। ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਖੀਮਪੁਰ ਦੀ ਘਟਨਾ ਦੇ ਸਬੰਧ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਇਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ। ਕੇਜਰੀਵਾਰ ਨੇ ਕਿਹਾ ਕਿ ਕਾਤਲਾਂ ਦੀ ਅਜੇ ਤੱਕ ਗ੍ਰਿਫਤਾਰੀ ਕਿਉਂ ਨਹੀਂ ਹੋਈ? ਸਰਕਾਰ ਕਾਤਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨਾਂ ਨੂੰ ਗੱਡੀ ਨਾਲ ਕੁਚਲਿਆ ਗਿਆ। ਨੇਤਾ-ਅਮੀਰ ਕਿਸੇ ਨੂੰ ਵੀ ਕੁਚਲ ਸਕਦੇ ਹਨ।
ਉਨ੍ਹਾਂ ਕਿਹਾ ਕਿ ਇੰਨੀ ਭੀੜ ਦੇ ਸਾਹਮਣੇ ਕੋਈ ਇੰਨੇ ਲੋਕਾਂ ਨੂੰ ਕੁਚਲਦੇ ਹੋਏ ਨਿਕਲ ਜਾਵੇ ਅਤੇ ਪੂਰਾ ਸਿਸਟਮ ਉਸ ਕਾਤਲ ਨੂੰ ਬਚਾਉਣ ਵਿੱਚ ਲੱਗ ਜਾਵੇ, ਅਜਿਹਾ ਤਾਂ ਫਿਲਮਾਂ ਵਿੱਚ ਦੇਖਿਆ ਹੈ। ਨਾਲ ਹੀ ਉਨ੍ਹਾਂ ਸਵਾਲ ਕੀਤਾ ਕਿ ਕਿਸਾਨਾਂ ਨੇ ਕੀ ਵਿਗਾੜਿਆ ਹੈ, ਕਿਸਾਨਾਂ ਨੂੰ ਕਿਉਂ ਮਾਰਿਆਂ ਜਾ ਰਿਹਾ ਹੈ? ਹਰ ਦੇਸ਼ਵਾਸੀ ਨਿਆਂ ਦੀ ਮੰਗ ਕਰ ਰਿਹਾ ਹੈ।