October 6, 2021-ਨਵੀਂ ਦਿੱਲੀ, 6 ਅਕਤੂਬਰ – ਤਿਉਹਾਰੀ ਸੀਜ਼ਨ ਤੋਂ ਪਹਿਲਾਂ ਆਮ ਆਦਮੀ ਦੇ ਘਰੇਲੂ ਬਜਟ ਨੂੰ ਵੱਡਾ ਝਟਕਾ ਲੱਗਾ ਹੈ। ਦੇਸ਼ ਦੀਆਂ ਤੇਲ ਮਾਰਕੇਟਿੰਗ ਕੰਪਨੀਆਂ ਨੇ 14.2 ਕਿਲੋ ਦੇ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ 15 ਰੁਪਏ ਦਾ ਵਾਧਾ ਕਰ ਦਿੱਤਾ। 19 ਕਿਲੋ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਇਸ ਵਾਧੇ ਤੋਂ ਬਾਅਦ ਹੁਣ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਐਲ. ਪੀ. ਜੀ. ਸਿਲੰਡਰ ਦੀ ਕੀਮਤ 884.50 ਰੁਪਏ ਤੋਂ ਵਧ ਕੇ 899.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਪਹਿਲੇ ਦਿਨ ਤੇਲ ਕੰਪਨੀਆਂ ਨੇ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ 43.5 ਰੁਪਏ ਪ੍ਰਤੀ ਸਿਲੰਡਰ ਤੱਕ ਵਧਾ ਦਿੱਤੀ ਸੀ। ਉਸ ਸਮੇਂ ਦੌਰਾਨ ਘਰੇਲੂ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ। ਪਰ ਅੱਜ ਐਲ. ਪੀ. ਜੀ. ਸਿਲੰਡਰ ਦੀ ਕੀਮਤ ਵਿੱਚ ਵਾਧਾ ਹੋਇਆ ਹੈ।
ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਇਹ ਲਗਾਤਾਰ ਚੌਥੀ ਵਾਰ ਵਾਧਾ ਕੀਤਾ ਗਿਆ ਹੈ। ਬਿਨਾਂ ਸਬਸਿਡੀ ਵਾਲਾ ਸਿਲੰਡਰ 1 ਸਤੰਬਰ ਨੂੰ 25 ਰੁਪਏ ਮਹਿੰਗਾ ਹੋ ਗਿਆ। ਸਬਸਿਡੀ ਵਾਲੇ ਰਸੋਈ ਗੈਸ ਦੀ ਕੀਮਤ ਵਿੱਚ ਤਾਜ਼ਾ ਵਾਧੇ ਨੇ 1 ਜਨਵਰੀ ਤੋਂ ਇਸ ਨੂੰ 205 ਰੁਪਏ ਪ੍ਰਤੀ ਸਿਲੰਡਰ ਮਹਿੰਗਾ ਕਰ ਦਿੱਤਾ ਹੈ।
ਦਿੱਲੀ ਵਿੱਚ ਬਿਨਾਂ ਸਬਸਿਡੀ ਦੇ 14.2 ਕਿਲੋ ਸਿਲੰਡਰ ਦੀ ਕੀਮਤ ਹੁਣ ਵੱਧ ਕੇ 899.50 ਰੁਪਏ ਹੋ ਗਈ ਹੈ। ਕੋਲਕਾਤਾ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 911 ਰੁਪਏ ਤੋਂ ਵਧ ਕੇ 926 ਰੁਪਏ, ਮੁੰਬਈ ਵਿੱਚ 844.50 ਰੁਪਏ ਤੋਂ ਵਧ ਕੇ 899.50 ਰੁਪਏ ਹੋ ਗਈ ਹੈ। ਚੇਨਈ ਵਿੱਚ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਹੁਣ 915.50 ਰੁਪਏ ਹੈ। ਪਹਿਲਾਂ ਕੀਮਤ ਪ੍ਰਤੀ ਸਿਲੰਡਰ 900.50 ਰੁਪਏ ਸੀ।