ਮੋਹਾਲੀ, 5 ਅਕਤੂਬਰ 2021-ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਜਾਰੀ ਬਿਆਨ ਰਾਹੀਂ ਕਿਹਾ ਹੈ ਕਿ ਯੂਪੀ ਦੇ ਲਖੀਮਪੁਰ ਦੀ ਦਿਲਕੰਬਾਊ ਘਟਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮੋਦੀ ਅਤੇ ਯੋਗੀ ਦੇਸ਼ ਦੇ ਕਿਸਾਨਾਂ ਨੂੰ ਕੀੜੇ-ਮਕੌੜੇ ਸਮਝਦੇ ਹਨ। ਭਾਰਤੀ ਜਨਤਾ ਪਾਰਟੀ ਦੀ, ਕੇਂਦਰ ਦੀ ਮੋਦੀ ਸਰਕਾਰ ਵੱਲੋਂ, ਕਾਰਪੋਰੇਟਾਂ ਦੇ ਇਸ਼ਾਰੇ ਤੇ, ਖੇਤੀਬਾੜੀ ਦੇ ਕਿੱਤੇ ਨੂੰ ਮੁਕੰਮਲ ਤੌਰ ਤੇ ਬਰਬਾਦ ਕਰਨ ਦੀ ਸਾਜਿਸ਼ ਅਧੀਨ, ਲਿਆਦੇ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੁੱਧ ਦੇਸ਼ ਵਿਆਪੀ ਕਿਸਾਨ ਅੰਦੋਲਨ ਚੱਲ ਰਿਹਾ ਹੈ। ਸਾਰੇ ਦੇਸ਼ ਦਾ ਕਿਸਾਨ ਇਨ੍ਹਾਂ ਕਾਲੇ ਕਾਨੂੰਨਾਂ ਦੇ ਵਿਰੁੱਧ ਇੱਕਮੁੱਠ ਹੋ ਚੁੱਕਾ ਹੈ।
ਬੜੀ ਸ਼ਰਮ ਦੀ ਗੱਲ ਹੈ ਕਿ ਕਾਲੇ ਕਨੂੰਨਾਂ ਦੇ ਵਿਰੋਧ ਵਿੱਚ ਸ਼ਾਂਤਮਈ ਅੰਦੋਲਨ ਕਰਦੇ ਹੋਏ ਕਿਸਾਨਾਂ ਨੂੰ ਭਾਜਪਾ ਦੇ ਕੇਂਦਰੀ ਮੰਤਰੀ ਦੇ ਪੁੱਤਰ ਦੇ ਕਾਰਾਂ ਦੇ ਕਾਫਲੇ ਨੇ ਕੀੜੇ-ਮਕੌਫੜਿਆਂ ਵਾਂਗ ਦਰੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਉਲਟਾ ਉੱਤਰ ਪ੍ਰਦੇਸ਼ ਬੀ.ਜੇ.ਪੀ ਦੇ ਆਗੂ ਕਿਸਾਨਾਂ ਵਿਰੱਧ ਇਹ ਦੋਸ਼ ਮੜ੍ਹ ਰਹੇੁ ਹਨ ਕਿ ਅੰਦੋਲਨਕਾਰੀ ਕਿਸਾਨ ‘ਖਾਲਿਸਤਾਨੀ’ ਸਨ। ਆਪਣੇ ਜ਼ੁਰਮ ਨੂੰ ਛੁਪਾਉਂਣ ਲਈ ਅਜੇਹੀਆਂ ਬੇਤੁਕੀਆਂ ਗੱਲਾਂ ਕਰਨ ਨਾਲ ਬੀ,ਜੇ.ਪੀ ਦੇਸ਼ ਨੂੰ ਤੋਡ਼ਨ ਵਾਲੇ ਪਾਸੇ ਤੁਰੀ ਹੋਈ ਹੈ। ਸਾਰਾ ਪੰਜਾਬ ਅਤੇ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ, ਬੀ.ਜੇ.ਪੀ ਤੋਂ ਬਿਨਾਂ ਕਿਸਾਨ ਅੰਦੋਲਨ ਦੀ ਪਿੱਠ ਤੇ ਖੜ੍ਹੀਆਂ ਹਨ। ਲ਼ਖੀਮਪੁਰ ਵਿੱਚ ਹੋਏ ਨੌਜਵਾਨ ਕਿਸਾਨਾਂ ਦੇ ਦਰਦਨਾਕ ਕਤਲ ਕਾਰਨ, ਪੰਜਾਬ ਦਾ ਬੱਚਾ-ਬੱਚਾ ਤ੍ਰਾਹ-ਤ੍ਰਾਹ ਕਰ ਰਿਹਾ ਹੈ।ਲਖੀਮਪੁਰ ਵਿੱਚ ਕਤਲ ਹੋਏ ਨੌਂਜਵਾਨ ਕਿਸਾਨਾ ਦੀ ਕੁਰਬਾਨੀ ਅੰਝਾਈਂ ਨਹੀਂ ਜਾਵੇਗੀ, ਉਹ ਕਿਸਾਨੀ ਅੰਦੋਲਨ ਦੇ ਵੱਡੇ ਸ਼ਹੀਦ ਹਨ।
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਹਾਲੇ ਵੀ ਆਪਣੀ ਜ਼ਿੱਦ ਛੱਡ ਕੇ ਕਾਲੇ ਕਾਨੂੰਨ ਤੁਰੰਤ ਵਾਪਿਸ ਲੈਣੇ ਚਾਹੀਦੇ ਹਨ ਅਤੇ ਗਲ਼ ਵਿੱਚ ਪੱਲਾ ਪਾ ਕੇ, ਦੇਸ਼ ਦੇ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਨਹੀ ਤਾਂ ਲਖੀਮਪੁਰ ਵਿੱਚ ਵਾਪਰਿਆ ਮੌਤ ਦਾ ਤਾਂਡਵ, ਮੋਦੀ ਅਤੇ ਯੋਗੀ ਦੇ ਕਫ਼ਨ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ।