ਰਾਏਗੰਜ, 23 ਸਤੰਬਰ – ਪੱਛਮੀ ਬੰਗਾਲ ਦੇ ਉੱਤਰੀ ਦਿਨਾਜਪੁਰ ਜ਼ਿਲ੍ਹੇ ਵਿੱਚ ਇਕ ਬੱਸ ਦੇ ਨਹਿਰ ਵਿੱਚ ਡਿੱਗਣ ਨਾਲ 6 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਕਰੀਬ 10 ਵਜੇ ਵਾਪਰੀ। ਪੱਛਮੀ ਬੰਗਾਲ ਅਤੇ ਝਾਰਖੰਡ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਰੀਬ 20 ਮਜ਼ਦੂਰਾਂ ਨੂੰ ਲੈ ਕੇ ਬੱਸ ਉੱਤਰ ਪ੍ਰਦੇਸ਼ ਵਿੱਚ ਲਖਨਊ ਵੱਲ ਜਾ ਰਹੀ ਸੀ। ਪੁਲੀਸ ਮੁਤਾਬਕ ਰਾਏਗੰਜ ਪੁਲੀਸ ਥਾਣਾ ਇਲਾਕੇ ਵਿੱਚ ਰੂਪਾਹਾਰ ਵਿੱਚ ਰਾਸ਼ਟਰੀ ਹਾਈਵੇਅ-34 ਤੇ ਬੱਸ ਨਹਿਰ ਵਿੱਚ ਡਿੱਗ ਗਈ। ਘਟਨਾ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਰਾਏਗੰਜ ਮੈਡੀਕਲ ਕਾਲਜ ਐਂਡ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੁਲੀਸ ਨੇ ਦੱਸਿਆ ਕਿ ਉਹ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚ ਭਾਲ ਕਰ ਰਹੀ ਹੈ ਕਿ ਅਜੇ ਵੀ ਕੋਈ ਲਾਪਤਾ ਹੈ। ਉਨ੍ਹਾਂ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰ ਆਪਣੇ-ਆਪਣੇ ਘਰ ਪਰਤ ਆਏ ਸਨ। ਹੁਣ ਉਹ ਕੋਵਿਡ-19 ਰੋਕੂ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈਣ ਮਗਰੋਂ ਵਾਪਸ ਆਪਣੇ ਕੰਮਾਂ ਵਾਲੀਆਂ ਥਾਵਾਂ ਤੇ ਜਾ ਰਹੇ ਸਨ। ਝਾਰਖੰਡ ਤੋਂ ਕੁਝ ਮਜ਼ਦੂਰਾਂ ਨੂੰ ਲੈਣ ਮਗਰੋਂ ਬੱਸ ਪੱਛਮੀ ਬੰਗਾਲ ਵਿੱਚ ਰਹਿ ਰਹੇ ਮਜ਼ਦੂਰਾਂ ਨੂੰ ਲੈਣ ਆਈ, ਜਦੋਂ ਘਟਨਾ ਵਾਪਰੀ ਤਾਂ ਬੱਸ ਲਖਨਊ ਵੱਲ ਜਾ ਰਹੀ ਸੀ।