ਐਸ ਏ ਐਸ ਨਗਰ, 23 ਸਤੰਬਰ- ਮੁਹਾਲੀ ਵਿੱਚ ਪੈਂਦੇ ਸੈਕਟਰ 57 ਦੇ ਐਲ ਆਈ ਜੀ ਮਕਾਨਾਂ ਦੇ ਰਿਹਾਇਸ਼ੀ ਇਲਾਕੇ ਦੇ ਨਾਲ ਪਈ ਪਿੰਡ ਬਲੌਂਗੀ ਦੀ ਸ਼ਾਮਲਾਤ ਜ਼ਮੀਨ ਵਿਚ ਨਾਜਾਇਜ਼ ਤੌਰ ਤੇ ਮੀਟ ਮਾਰਕੀਟ ਲੱਗਣੀ ਸ਼ੁਰੂ ਹੋ ਜਾਣ ਕਾਰਨ ਵਸਨੀਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਇਹ ਮੀਟ ਮਾਰਕੀਟ ਪਿੰਡ ਬਲੌਂਗੀ ਵਿੱਚ ਬਣੀ ਗਊਸ਼ਾਲਾ ਦੇ ਨਾਲ ਲੱਗਦੀ ਸ਼ਾਮਲਾਤ ਜਮੀਨ ਵਿੱਚ ਲੱਗਦੀ ਸੀ ਜਿਹੜੀ ਹੁਣ ਸੈਕਟਰ 57 ਦੇ ਨਾਲ ਲੱਗਦੇ ਖੇਤਰ ਵਿੱਚ ਲਗਣ ਲੱਗ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕੇ ਦੇ ਸਮਾਜ ਸੇਵੀ ਬੀਸੀ ਪ੍ਰੇਮੀ ਨੇ ਕਿਹਾ ਸੈਕਟਰ 57 ਦੇ ਨਾਲ ਲੱਗਦੀ ਪਿੰਡ ਬਲੌਂਗੀ ਦੀ ਸ਼ਾਮਲਾਤ ਜ਼ਮੀਨ ਤੇ ਪੰਚਾਇਤ ਵੱਲੋਂ ਮੀਟ ਮਾਰਕੀਟ ਲਗਵਾਉਣ ਕਾਰਨ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਲੌਂਗੀ ਪਿੰਡ ਦੀ ਪੰਚਾਇਤ ਆਪਣੇ ਨਿੱਜੀ ਫ਼ਾਇਦੇ ਨੂੰ ਦੇਖ ਕੇ ਇਹ ਮੰਡੀ ਲਗਵਾ ਰਹੇ ਹਨ। ਉਨ੍ਹਾਂ ਕਿਹਾ ਪੰਚਾਇਤ ਵੱਲੋਂ ਇਨ੍ਹਾਂ ਤੋਂ ਤੀਹ ਰੁਪਏ ਦੀ ਪਰਚੀ ਕੱਟੀ ਜਾਂਦੀ ਹੈ ਪਰੰਤੂ ਪੰਚਾਇਤ ਵੱਲੋਂ ਸਫਾਈ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।
ਉਹਨਾਂ ਕਿਹਾ ਕਿ ਇਹ ਮੀਟ ਮਾਰਕੀਟ ਲੱਗਣ ਕਾਰਨ ਇਸ ਰਿਹਾਇਸ਼ੀ ਇਲਾਕੇ ਵਿੱਚ ਬਦਬੂ ਬਹੁਤ ਆਉਂਦੀ ਹੈ ਅਤੇ ਦੁਕਾਨਦਾਰਾਂ ਵਲੋਂ ਜਿਹੜੀ ਰਹਿੰਦ ਖੁੰਹਦ ਬਚਦੀ ਹੈ ਉਹ ਪੰਛੀ ਤੇ ਜਾਨਵਰ ਵੱਲੋਂ ਉੱਥੋਂ ਚੁੱਕ ਕੇ ਰਿਹਾਇਸ਼ੀ ਇਲਾਕੇ ਵਿੱਚ ਖਿਲਾਰ ਜਾਂਦੇ ਹਨ। ਇਸ ਨਾਲ ਇਲਾਕੇ ਵਿੱਚ ਰਹਿ ਰਹੇ ਲੋਕਾਂ ਨੂੰ ਬਿਮਾਰੀ ਲੱਗਣ ਦਾ ਬਹੁਤ ਖ਼ਤਰਾ ਬਣਿਆ ਹੋਇਆ ਹੈ।
ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਨਾਜਾਇਜ਼ ਤੌਰ ਤੇ ਲੱਗਣ ਵਾਲੇ ਮੀਟ ਮਾਰਕੀਟ ਨੂੰ ਇੱਥੋਂ ਹਟਾਇਆ ਜਾਵੇ ਤਾਂ ਜੋ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ। ਇਸ ਮੌਕੇ ਇਲਾਕਾ ਵਾਸੀ ਸ. ਇੰਦਰ ਸਿੰਘ ਚੀਮਾ, ਜਸਬੀਰ ਸਿੰਘ, ਆਰ ਕੇ ਸ਼ਰਮਾ, ਅਜੇ ਮਨਿੰਦਰ ਅਤੇ ਹੋਰ ਵਸਨੀਕ ਮੌਜੂਦ ਸਨ।