ਜਲੰਧਰ, 21 ਸਤੰਬਰ – ਜਲੰਧਰ ਵਿੱਚ ਥਾਣਾ ਡਿਵੀਜ਼ਨ ਚਾਰ ਦੇ ਨੇੜੇ ਆਉਂਦੇ ਪੰਜਾਬ ਕਾਲਜ ਦੇ ਕੋਲ ਦਿਨ-ਦਿਹਾੜੇ 2 ਬਾਈਕ ਸਵਾਰ ਬਦਮਾਸ਼ਾਂ ਨੇ ਸਿੱਕਾ ਹਸਪਤਾਲ ਦੀ ਮਾਲਕਣ ਵਿਜੈ ਸਿੱਕਾ ਤੋਂ 15 ਲੱਖ ਰੁਪਏ ਭਰਿਆ ਬੈਗ ਖੋਹ ਲਿਆ ਅਤੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਚਾਰ ਦੇ ਇੰਚਾਰਜ ਰਾਜੇਸ਼ ਕੁਮਾਰ ਅਤੇ ਸੀ. ਆਈ. ਏ. ਸਟਾਫ਼-1 ਦੇ ਇੰਚਾਰਜ ਰਮਨਦੀਪ ਸਿੰਘ ਮੌਕੇ ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਵਿਜੇ ਸਿੱਕਾ ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਪੈਸੇ ਲੈ ਕੇ ਸਿੱਕਾ ਹਸਪਤਾਲ ਦੇ ਸਾਹਮਣੇ ਸਥਿਤ ਪੰਜਾਬ ਐਂਡ ਸਿੰਘ ਬੈਂਕ ਵਿੱਚ ਜਮ੍ਹਾ ਕਰਵਾਉਣ ਲਈ ਲੈ ਕੇ ਆ ਰਹੀ ਸੀ। ਜਦੋਂ ਉਹ ਬੈਂਕ ਦੇ ਕੋਲ ਪਹੁੰਚੀ ਅਤੇ ਗੱਡੀ ਤੋਂ ਨਿਕਲ ਕੇ ਉਸ ਨੂੰ ਲਾਕ ਕਰਨ ਦੀ ਕੋਸ਼ਿਸ਼ ਕਰਨ ਲੱਗੀ। ਉਨ੍ਹਾਂ ਦਾ ਪਰਸ ਅਤੇ ਪੈਸਿਆਂ ਨਾਲ ਭਰਿਆ ਬੈਗ ਉਨ੍ਹਾਂ ਦੇ ਹੱਥਾਂ ਵਿੱਚ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ 2 ਅਣਜਾਣ ਨੌਜਵਾਨਾਂ ਨੇ ਉਨ੍ਹਾਂ ਦੇ ਹੱਥਾਂ ਵਿੱਚੋਂ ਪੈਸੇ ਨਾਲ ਭਰਿਆ ਬੈਗ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਫ਼ਿਲਹਾਲ ਮੌਕੇ ਤੇ ਪਹੁੰਚੀ ਪੁਲੀਸ ਘਟਨਾ ਵਾਲੀ ਥਾਂ ਦੇ ਨੇੜੇ-ਤੇੜੇ ਲੱਗੇ ਸੀ. ਸੀ. ਟੀ. ਵੀ. ਫੁੱਟੇਜ ਦੀ ਜਾਂਚ ਕਰਵਾ ਰਹੀ ਹੈ।