ਚੰਡੀਗੜ੍ਹ, 22 ਸਤੰਬਰ 2020 : ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਖੇਤੀ ਬਿੱਲਾਂ ਬਾਰੇ ਆਪਣੇ ਰੋਸ ਪ੍ਰਦਰਸ਼ਨ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ।
ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੀਨੀਅਰ ਲੀਡਰਸ਼ਿਪ ਦੀ ਹੋਈ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਹੈ ਕਿ 25 ਸਤੰਬਰ ਨੂੰ ਸਾਰੇ ਪੰਜਾਬ ਵਿਚ ਪਾਰਟੀ ਦੇ ਆਗੂ ਸਵੇਰੇ 11.00 ਵਜੇ ਤੋਂ ਤਿੰਨ ਘੰਟੇ ਲਈ ਸ਼ਾਂਤਮਈ ਧਰਨਾ ਦੇਣਗੇ ਤੇ ਕਿਸਾਨਾਂ, ਖੇਤ ਤੇ ਮੰਡੀ ਮਜ਼ਦੂਰਾਂ ਤੇ ਖੇਤੀ ਬਿੱਲਾਂ ਨਾਲ ਪ੍ਰਭਾਵਿਤ ਹੋਣ ਵਾਲੇ ਹਰ ਵਰਗ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨਗੇ।
ਇਸ ਉਪਰੰਤ 26 ਤੋਂ 29 ਸਤੰਬਰ ਤੱਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਰੇ ਪੰਜਾਬ ਵਿਚ ਮੀਟਿੰਗਾਂ ਕਰ ਕੇ ਵਰਕਰਾਂ ਨੂੰ ਇਹਨਾਂ ਬਿੱਲਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਉਣਗੇ। 1 ਅਕਤੂਬਰ ਨੂੰ ਪਾਰਟੀ ਦੇ ਵਰਕਰ ਪੰਜਾਬ ਵਿਚ ਤਿੰਨਾਂ ਤਖ਼ਤਾਂ ‘ਤੇ ਅਰਦਾਸ ਕਰ ਕੇ ਮੁਹਾਲੀ ਦੇ ਦੁਸਹਿਰਾ ਗਰਾਉਂਡ ਲਈ ਰਵਾਨਾ ਹੋਣਗੇ ਤੇ ਦੁਸਹਿਰਾ ਗਰਾਉਂਡ ਵਿਚ ਇਕੱਤਰ ਹੋ ਕੇ ਇਹਨਾਂ ਬਿੱਲਾਂ ਦਾ ਵਿਰੋਧ ਕੀਤਾ ਜਾਵੇਗਾ ਤੇ ਪੰਜਾਬ ਦੇ ਰਾਜਪਾਲ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦੇ ਕੇ ਬਿੱਲਾਂ ਨੂੰ ਵਾਪਸ ਸੰਸਦ ਨੂੰ ਭੇਜਣ ਦੀ ਅਪੀਲ ਕੀਤੀ ਜਾਵੇਗੀ।