ਚੰਡੀਗੜ੍ਹ, 15 ਜੂਨ- ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕੀਤੀ ਟਿੱਪਣੀ ਦੀ ਨਿਖੇਧੀ ਕਰਦਿਆਂ ਉਨ੍ਹਾਂ ਦੇ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਗੱਲਾਂ ਉਨ੍ਹਾਂ ਦੀ ਬੁਖਲਾਹਟ ਅਤੇ ਗੁੱਸੇ ਦਾ ਸਬੂਤ ਹਨ।
‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਸੁਖਬੀਰ ਬਾਦਲ ਤੇ ਪਲਟਵਾਰ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਸੱਤਾ ਵਿਚ ਰਹਿੰਦਿਆਂ ਜਨਤਾ ਦੇ ਟੈਕਸਾਂ ਦੇ ਪੈਸੇ ਨਾਲ ਅਰਬਾਂ ਖਰਬਾਂ ਦੀ ਜਾਇਦਾਦ ਬਣਾਈ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਇਮਾਨਦਾਰ ਸਿਆਸਤ ਕਾਰਨ ਇਨ੍ਹਾਂ ਲੋਕਾਂ ਦੀ ਸੱਤਾ ਦੀ ਦੁਕਾਨ ਬੰਦ ਹੋ ਗਈ ਹੈ। ਇਸੇ ਲਈ ਇਹ ਲੋਕ ਘਬਰਾਹਟ ਵਿਚ ਅਜਿਹੀਆਂ ਬਿਨ੍ਹਾਂ ਸਿਰ-ਪੈਰ ਦੀਆਂ ਗੱਲਾਂ ਕਰ ਰਹੇ ਹਨ।
ਕੰਗ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਬਾਰੇ ਕਿਹਾ ਕਿ ਕੁਝ ਦਿਨ ਪਹਿਲਾਂ ਪ੍ਰਤਾਪ ਬਾਜਵਾ ਨੇ ਦਲਿਤ ਭਾਈਚਾਰੇ ਨਾਲ ਸਬੰਧਤ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਵੀ ਮੋਬਾਈਲ ਚਾਰਜਰ ਕਹਿ ਕੇ ਮਜ਼ਾਕ ਉਡਾਇਆ ਸੀ ਅਤੇ ਹੁਣ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤਿੰਨ ਕਰੋੜ ਲੋਕਾਂ ਵੱਲੋਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਸੁਖਬੀਰ ਬਾਦਲ ਨੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ ਜੋ ਬਹੁਤ ਹੀ ਨਿੰਦਣਯੋਗ ਹੈ।
ਉਹਨਾਂ ਕਿਹਾ ਕਿ ਅਸਲ ਵਿੱਚ ਇਹ ਧਨਾਢ ਅਤੇ ਜਾਗੀਰਦਾਰ ਰਾਜਸੀ ਪਰਿਵਾਰ ਗੱਦੀ ਨੂੰ ਆਪਣਾ ਜਨਮਸਿੱਧ ਹੱਕ ਸਮਝਦੇ ਹਨ। ਇੱਕ ਸਾਧਾਰਨ ਕਿਸਾਨ ਪਰਿਵਾਰ ਅਤੇ ਇੱਕ ਅਧਿਆਪਕ ਦੇ ਪੁੱਤਰ ਦਾ ਮੁੱਖ ਮੰਤਰੀ ਬਣਨਾ ਇਨ੍ਹਾਂ ਨੂੰ ਪਚ ਨਹੀੰ ਰਿਹਾ। ਆਮ ਘਰਾਂ ਦੇ ਲੋਕਾਂ ਦੇ ਸੱਤਾ ਵਿੱਚ ਆਉਣ ਤੋਂ ਬੇਹੱਦ ਨਿਰਾਸ਼ਾ ਵਿੱਚ ਡਿੱਗੇ ਇਹ ਲੋਕ ਗੁੱਸੇ ਵਿੱਚ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ।