ਰਾਮਗੜ੍ਹ, 15 ਸਤੰਬਰ – ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਮੁਰਬੰਦਾ ਲਾਰੀ ਦੇ ਨੇੜੇ ਸਵੇਰੇ ਇੱਕ ਬੱਸ ਅਤੇ ਵੈਗਨ ਆਰ ਕਾਰ ਵਿੱਚ ਭਿਆਨਕ ਟੱਕਰ ਹੋ ਗਈ। ਬੱਸ, ਕਾਰ ਦੇ ਉੱਪਰ ਚੜ੍ਹ ਗਈ ਅਤੇ ਕਾਰ ਵਿੱਚ ਅੱਗ ਲੱਗ ਗਈ, ਜਿਸ ਕਾਰਨ ਉਸ ਵਿੱਚ ਸਵਾਰ ਇੱਕ ਲੜਕੇ ਅਤੇ ਦੋ ਔਰਤਾਂ ਸਮੇਤ 5 ਵਿਅਕਤੀਆਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ।
ਰਾਮਗੜ੍ਹ ਦੇ ਪੁਲੀਸ ਇੰਸਪੈਕਟਰ ਪ੍ਰਭਾਤ ਕੁਮਾਰ ਨੇ ਦੱਸਿਆ ਕਿ ਸਵੇਰੇ ਲੱਗਭਗ 8 ਵਜੇ ਇਕ ਵੈਗਨ ਆਰ ਕਾਰ ਦੀ ਦੂਜੇ ਪਾਸਿਓਂ ਆ ਰਹੀ ਬੱਸ ਨਾਲ ਰਾਮਗੜ੍ਹ ਜ਼ਿਲ੍ਹੇ ਦੇ ਰਜਰੱਪਾ ਪੁਲੀਸ ਥਾਣਾ ਖੇਤਰ ਵਿੱਚ ਗੋਲਾ-ਰਾਮਗੜ੍ਹ ਮੁੱਖ ਹਾਈਵੇਅ ਤੇ ਮੁਰਬੰਦਾ ਲਾਰੀ ਦੇ ਨੇੜੇ ਆਹਮਣੇ-ਸਾਹਮਣੇ ਭਿਆਨਕ ਟੱਕਰ ਹੋ ਗਈ। ਬੱਸ ਕਾਰ ਦੇ ਉੱਪਰ ਚੜ੍ਹ ਗਈ। ਕਾਰ ਵਿੱਚ ਸਵਾਰ ਸਾਰੇ 5 ਵਿਅਕਤੀ ਬੁਰੀ ਤਰ੍ਹਾਂ ਫਸ ਗਏ। ਥੋੜ੍ਹੀ ਹੀ ਦੇਰ ਬਾਅਦ ਕਾਰ ਵਿੱਚ ਅੱਗ ਲੱਗ ਗਈ ਅਤੇ 5 ਵਿਅਕਤੀਆਂ ਦੀ ਮੌਕੇ ਤੇ ਹੀ ਸੜ ਕੇ ਮੌਤ ਹੋ ਗਈ।
ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਸੜ ਗਈਆਂ ਹਨ ਕਿ ਉਨ੍ਹਾਂ ਦੀ ਪਹਿਚਾਣ ਮੁਸ਼ਕਲ ਹੋ ਗਈ ਹੈ। ਪੁਲੀਸ ਅਨੁਸਾਰ ਸਾਰੀਆਂ ਲਾਸ਼ਾਂ ਨੂੰ ਆਖ਼ਰੀ ਜਾਂਚ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਵੈਗਨ ਆਰ ਦੇ ਪੂਰੀ ਤਰ੍ਹਾਂ ਸੜ ਜਾਣ ਕਾਰਨ ਗੱਡੀ ਦੀ ਰਜਿਸਟ੍ਰੇਸ਼ਨ ਨੰਬਰ ਤੋਂ ਇਲਾਵਾ ਹੋਰ ਵੇਰਵਾ ਨਹੀਂ ਮਿਲ ਸਕਿਆ ਹੈ। ਗੱਡੀ ਪਟਨਾ ਦੇ ਆਲੋਕ ਰੌਸ਼ਨ ਦੇ ਨਾਂ ਤੋਂ ਰਜਿਸਟਰਡ ਹੈ। ਮ੍ਰਿਤਕਾਂ ਦੀ ਪਹਿਚਾਣ ਅਤੇ ਹੋਰ ਕਾਰਵਾਈ ਲਈ ਪਟਨਾ ਪੁਲੀਸ ਨਾਲ ਸੰਪਰਕ ਕੀਤਾ ਗਿਆ ਹੈ।