ਦੇਹਰਾਦੂਨ, 15 ਸਤੰਬਰ – ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨੇ ਅੱਜ ਸਵੇਰੇ ਉੱਤਰਾਖੰਡ ਦੇ ਨਵੇਂ ਰਾਜਪਾਲ ਵਜੋਂ ਸਹੁੰ ਚੁੱਕੀ। ਰਾਜ ਭਵਨ ਵਿੱਚ ਆਯੋਜਿਤ ਇਕ ਸਾਦੇ ਸਮਾਰੋਹ ਵਿੱਚ ਉੱਤਰਾਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਆਰ. ਐੱਸ. ਚੌਹਾਨ ਨੇ ਲੈਫਟੀਨੈਂਟ ਜਨਰਲ ਸਿੰਘ ਨੂੰ ਅਹੁਦੇ ਦੇ ਸਹੁੰ ਚੁਕਾਈ। ਨਵੇਂ ਰਾਜਪਾਲ ਦੇ ਸਹੁੰ ਚੁੱਕ ਸਮਾਰੋਹ ਵਿੱਚ ਪ੍ਰਦੇਸ਼ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਉਨ੍ਹਾਂ ਦੇ ਕੈਬਨਿਟ ਮੈਂਬਰ, ਮੁੱਖ ਸਕੱਤਰ ਐੱਸ. ਐੱਸ. ਸੰਧੂ, ਪੁਲੀਸ ਜਨਰਲ ਡਾਇਰੈਕਟਰ ਅਸ਼ੋਕ ਕੁਮਾਰ ਸਮੇਤ ਕਈ ਸੀਨੀਅਰ ਅਧਿਕਾਰੀ ਅਤੇ ਮਾਣਯੋਗ ਸ਼ਖਸੀਅਤਾਂ ਮੌਜੂਦ ਸਨ। ਜਿਕਰਯੋਗ ਹੈ ਕਿ ਲੈਫਟੀਨੈਂਟ ਜਨਰਲ ਸਿੰਘ ਨੇ ਬੇਬੀ ਰਾਨੀ ਮੌਰਈਆ ਦੀ ਥਾਂ ਲਈ ਹੈ, ਜਿਨ੍ਹਾਂ ਨੇ ਪਿਛਲੇ ਦਿਨੀਂ ਆਪਣਾ ਕਾਰਜਕਾਲ ਪੂਰਾ ਹੋਣ ਦੇ 2 ਸਾਲ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਫ਼ੌਜ ਤੋਂ 2016 ਵਿੱਚ ਸੇਵਾਮੁਕਤ ਹੋਏ ਸਨ। ਉਨ੍ਹਾਂ ਨੇ ਫ਼ੌਜ ਵਿੱਚ ਕਰੀਬ 40 ਸਾਲ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਨੂੰ 4 ਰਾਸ਼ਟਰਪਤੀ ਪੁਰਸਕਾਰ ਅਤੇ 2 ਚੀਫ਼ ਆਫ਼ ਆਰਮੀ ਸਟਾਫ਼ ਕਮੰਡੇਸ਼ਨ ਐਵਾਰਡ ਨਾਲ ਨਵਾਜਿਆ ਗਿਆ। ਉਹ ਫ਼ੌਜ ਦੇ ਡਿਪਟੀ ਚੀਫ਼ ਆਫ਼ ਆਰਮੀ ਸਟਾਫ਼ ਰਹੇ। ਉਹ ਐਡਜੁਟੈਂਟ ਜਨਰਲ ਅਤੇ 15 ਕਾਰਪਸ ਕਮਾਂਡਰ ਵੀ ਰਹੇ ਹਨ। ਉਨ੍ਹਾਂ ਨੇ ਨੈਸ਼ਨਲ ਡਿਫੈਂਸ ਕਾਲਜ ਅਤੇ ਡਿਫੈਂਸ ਸਰਵਿਸੇਜ਼ ਸਟਾਫ ਤੋਂ ਗਰੈਜੂਏਸ਼ਨ ਕੀਤੀ ਹੈ। ਉਨ੍ਹਾਂ ਨੇ ਚੇਨੱਈ ਅਤੇ ਇੰਦੌਰ ਯੂਨੀਵਰਸਿਟੀਆਂ ਤੋਂ ਐੱਮ. ਫਿਲ ਡਿਗਰੀ ਹਾਸਲ ਕੀਤੀ ਹੈ ਅਤੇ ਉਨ੍ਹਾਂ ਨੇ ਸੈਨਿਕ ਸਕੂਲ ਕਪੂਰਥਲਾ (ਪੰਜਾਬ) ਤੋਂ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਹੈ।