ਸਰੀ, 29 ਅਗਸਤ 2020-ਬੀਸੀ ਵਿਚ ਕੋਵਿਡ-19 ਦੇ 124 ਨਵੇਂ ਕੇਸ ਸਾਹਮਣੇ ਆਏ ਹਨ। ਕਿਸੇ ਇਕ ਦਿਨ ਵਿਚ ਹੋਇਆ ਇਹ ਰਿਕਾਰਡ ਤੋੜ ਵਾਧਾ ਹੈ। ਇਨ੍ਹਾਂ ਵਾਧੇ ਨਾਲ ਬੀਸੀ ਵਿਚ ਕੋਰੋਨਾ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 5,496 ਹੋ ਗਈ ਹੈ।
ਇਹ ਪ੍ਰਗਟਾਵਾ ਕਰਦਿਆਂ ਸੂਬੇ ਦੇ ਸਿਹਤ ਮੰਤਰ ਐਡਰੀਅਨ ਡਿਕਸ ਅਤੇ ਅਤੇ ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਪ੍ਰੈਸ ਰਿਲੀਜ਼ ਰਾਹੀਂ ਦੱਸਿਆ ਹੈ ਕਿ ਸੂਬੇ ਵਿਚ ਕੋਵਿਡ -19 ਦੇ 974 ਸਰਗਰਮ ਮਾਮਲੇ ਹਨ ਅਤੇ 2,796 ਲੋਕ ਸਿਹਤ ਕਾਮਿਆਂ ਦੀ ਨਿਗਰਾਨੀ ਅਧੀਨ ਹਨ, 23 ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 7 ਆਈਸੀਯੂ ਵਿਚ ਇਲਾਜ ਅਧੀਨ ਹਨ।
ਡਿਕਸ ਅਤੇ ਹੈਨਰੀ ਨੇ ਅੱਗੇ ਕਿਹਾ ਹੈ ਕਿ ਹੁਣ ਲੋਕਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਆਪਣੇ ਲਈ ਤੇ ਆਪਣੇ ਪਰਿਵਾਰਾਂ ਲਈ ਨਵੀਆਂ ਸਾਵਧਾਨੀਆਂ ਅਤੇ ਰੁਟੀਨ ਅਪਣਾਉਨ ਦੀ ਜ਼ਰੂਰਤ ਹੈ, ਭਾਵੇਂ ਉਹ ਘਰ ਹੋਣ, ਕੰਮ ਤੇ, ਸਕੂਲ ਵਿਚ ਜਾਂ ਦੂਜਿਆਂ ਨਾਲ ਸਮਾਂ ਬਿਤਾ ਰਹੇ ਹੋਣ। ਲੋਕਾਂ ਨੂੰ ਆਪਸੀ ਮੇਲਜੋਲ ਘਟਾਉਣਾ ਚਾਹੀਦਾ ਹੈ, ਖ਼ਾਸ ਕਰ ਕੇ ਘਰਾਂ ਵਿਚ ਅਤੇ ਪਾਰਟੀ ਹਾਲਾਂ ਵਿਚ ਹੋਣ ਵਾਲੀਆਂ ਇਨਡੋਰ ਪਾਰਟੀਆਂ ਅਤੇ ਸਮਾਗਮਾਂ ਵਿੱਚ। ਉਨ੍ਹਾਂ ਕਿਹਾ ਕਿ ਛੋਟੀਆਂ ਛੋਟੀਆਂ ਪਾਰਟੀਆਂ ਤੋਂ ਵੀ ਇਸ ਵਾਇਰਸ ਦਾ ਸੰਚਾਰ ਹੋਇਆ ਵੇਖਣ ਵਿਚ ਆਇਆ ਹੈ।
ਉਨ੍ਹਾਂ ਬ੍ਰਿਟਿਸ਼ ਕੋਲੰਬੀਆ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵੀਕਇੰਡ ਦੌਰਾਨ ਸੁਰੱਖਿਆ ਦਾ ਖ਼ਿਆਲ ਰੱਖਣ, ਸਰੀਰਕ ਦੂਰੀ ਬਣਾਈ ਰੱਖਣ, ਵੱਡੇ ਇਕੱਠਾਂ ਤੋਂ ਬਚਣ ਅਤੇ ਜ਼ਰੂਰੀ ਹੋਣ ਤੇ ਮਾਸਕ ਪਹਿਨਣਾ ਨਾ ਭੁੱਲਣ।