ਇਹਨਾਂ ਦਿਨਾਂ ਦੌਰਾਨ ਕਿਤੇ ਸੰਘਰਸ਼ ਜਾਂ ਯੁੱਧ ਹੁੰਦਾ ਹੈ ਤਾਂ ਸਾਨੂੰ ਸਭਤੋਂ ਜ਼ਿਆਦਾ ਡਰੋਨ ਬਾਰੇ ਸੁਣਨ ਨੂੰ ਮਿਲਦਾ ਹੈ। ਡਰੋਨ ਉਨ੍ਹਾਂ ਮਸ਼ੀਨਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਰਿਮੋਟ ਕੰਟਰੋਲ ਨਾਲ ਆਪਰੇਟ ਕੀਤਾ ਜਾਂਦਾ ਹੈੇ। ਇਹਨਾਂ ਵਿੱਚ ਗਲੋਬਲ ਪੋਜਿਸ਼ਨਿੰਗ ਸਿਸਟਮ ( ਜੀਪੀਐਸ) ਅਤੇ ਸੈਂਸਰ ਲੱਗੇ ਹੁੰਦੇ ਹਨ, ਇਹ ਉਡ ਸਕਦੇ ਹਨ। ਤੁਹਾਨੂੰ ਜਾਣ ਕੇ ਹੈਰਾਣੀ ਹੋਵੇਗੀ ਕਿ ਦੁਨੀਆ ਵਿੱਚ ਬਿਨਾਂ ਪਾਇਲਟ ਦੇ ਪਹਿਲੇ ਜਹਾਜ਼ ਨੇ 1916 ਵਿੱਚ ਉਡਾਨ ਭਰੀ ਸੀ। ਉਦੋਂ ਰੇਡੀਓ ਸਿਗਨਲ ਦੀ ਮਦਦ ਨਾਲ ਇਸ ਨੂੰ ਗਾਈਡ ਕੀਤਾ ਗਿਆ ਸੀ। ਦੂਜੇ ਵਿਸ਼ਵ ਯੁੱਧ ਵਿੱਚ ਜਦੋਂ ਤੱਕ ਜਰਮਨੀ ਨੇ ਆਪਣੇ ਰਾਕੇਟ ਪ੍ਰੋਗਰਾਮ ਲਈ ਇਸ ਨੁਕਤੇ ਨੂੰ ਨਹੀਂ ਅਪਨਾਇਆ, ਉਦੋਂ ਤੱਕ ਇਸ ਤਕਨੀਕ ਵਿੱਚ ਬਹੁਤ ਦਿਲਚਸਪੀ ਦਿਖੀ ਸੀ। ਕੈਮਰਾਯੁਕਤ ਡਰੋਨ ਦਾ ਪਹਿਲਾ ਪ੍ਰਯੋਗ ਸੱਠ ਦੇ ਦਹਾਕੇ ਦੇ ਮੱਧ ਵਿੱਚ ਵਿਅਤਨਾਮ ਯੁੱਧ ਵਿੱਚ ਹੋਇਆ ਸੀ।
ਅੱਜ ਡਰੋਨ ਦਾ ਪ੍ਰਯੋਗ ਡੈਟਾ ਜੁਟਾਉਣ ਅਤੇ ਕਈ ਦੂਜੇ ਕੰਮਾਂ ਵਿੱਚ ਹੋ ਰਿਹਾ ਹੈ। ਇਹ ਬਿਹਤਰ ਤਸਵੀਰਾਂ ਲੈ ਸਕਣ, ਇਸ ਦੇ ਲਈ ਆਧੁਨਿਕਤਮ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਰੋਟਰ ਕੰਟਰੋਲ, ਲੰਮੀ ਬੈਟਰੀ ਲਾਈਫ ਅਤੇ ਹਾਇਰ ਪੇਲੋਡ ਵਰਗੇ ਇਨੋਵੇਸ਼ਨ ਨਾਲ ਵੀ ਇਸ ਖੇਤਰ ਵਿੱਚ ਵੱਡੇ ਬਦਲਾਓ ਹੋ ਰਹੇ ਹਨ। ਮੁੰਬਈ ਵਿੱਚ ਬੀਐਮਸੀ ਮੱਛਰਾਂ ਦੇ ਆਤੰਕ ਨੂੰ ਖਤਮ ਕਰਨ ਲਈ ਡਰੋਨ ਦੀ ਮਦਦ ਲੈ ਰਿਹਾ ਹੈ। ਉਹ ਉਨ੍ਹਾਂ ਥਾਵਾਂ ਤੇ ਡਰੋਨ ਨਾਲ ਐਂਟੀ- ਲਾਰਵਾ ਤੇਲ ਦਾ ਛਿੜਕਾਓ ਕਰ ਰਿਹਾ ਹੈ। ਗੌਰ ਕਰਨ ਦੀ ਗੱਲ ਇਹ ਹੈ ਕਿ ਇਸ ਸਾਲ ਮਾਨਸੂਨ ਸੀਜਨ ਵਿੱਚ ਮੁੰਬਈ ਵਿੱਚ ਮਲੇਰੀਆ ਦੇ ਮਾਮਲੇ 54 ਫੀਸਦੀ ਘੱਟ ਹੋਏ। ਬੀਐਮਸੀ ਆਪਦਾ ਪ੍ਰਬੰਧਨ ਲਈ ਵੀ ਇਨ੍ਹਾਂ ਦਾ ਇਸਤੇਮਾਲ ਕਰਨਾ ਚਾਹੁੰਦਾ ਹੈ।
ਪਿਛਲੇ ਕੁੱਝ ਦਹਾਕਿਆਂ ਤੋਂ ਫੌਜ ਵੀ ਸਰਹੱਦ ਦੀ ਨਿਗਰਾਨੀ ਲਈ ਡਰੋਨ ਦਾ ਇਸਤੇਮਾਲ ਕਰ ਰਹੀ ਹੈ। ਖਾਸ ਤੌਰ ਤੇ ਉਨ੍ਹਾਂ ਉੱਚੇ ਇਲਾਕਿਆਂ ਵਿੱਚ , ਜਿੱਥੇ ਫੌਜੀਆਂ ਦਾ ਪੁੱਜਣਾ ਮੁਸ਼ਕਿਲ ਹੁੰਦਾ ਹੈ। ਆਂਧਰ ਪ੍ਰਦੇਸ਼ ਵਿੱਚ ਨਵੀਆਂ ਯੋਜਨਾਵਾਂ ਦੀ ਨਿਗਰਾਨੀ ਲਈ ਇਨ੍ਹਾਂ ਨੂੰ ਅਜਮਾਇਆ ਜਾ ਰਿਹਾ ਹੈ। ਇਸ ਨਾਲ ਇਹਨਾਂ ਪ੍ਰਾਜੈਕਟਾਂ ਤੇ ਕੰਮ ਦੀ ਰਫਤਾਰ ਤੇਜ ਅਤੇ ਉਸਦੀ ਗੁਣਵੱਤਾ ਯਕੀਨੀ ਕਰਨ ਵਿੱਚ ਮਦਦ ਮਿਲ ਰਹੀ ਹੈ। ਪੁਰਾਣੇ ਇੰਫਰਾਸਟਰਕਚਰ ਪ੍ਰਾਜੈਕਟਾਂ ਅਤੇ ਇਮਾਰਤਾਂ ਦੀ ਨਿਗਰਾਨੀ ਲਈ ਵੀ ਇਨ੍ਹਾਂ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਰਿਟੇਲ ਖੇਤਰ ਵਿੱਚ ਹਵਾਈ ਮਾਰਗ ਰਾਹੀਂ ਸਾਮਾਨ ਪਹੁੰਚਾਉਣ ਵਿੱਚ ਵੀ ਇਹ ਕੰਮ ਆ ਸਕਦੇ ਹਨ। ਇਸ ਨਾਲ ਡਿਲਿਵਰੀ ਛੇਤੀ ਹੋ ਪਾਏਗੀ ਅਤੇ ਸਾਮਾਨ ਪਹੁੰਚਾਉਣ ਦੀ ਲਾਗਤ ਵੀ ਘੱਟ ਹੋਵੇਗੀ।
ਬਿਜਲੀ ਵੰਡ ਕੰਪਨੀਆਂ ਬਿਜਲੀ ਦੀ ਚੋਰੀ ਰੋਕਣ ਲਈ ਡਰੋਨ ਦੀ ਮਦਦ ਲੈ ਰਹੀਆਂ ਹਨ। ਇਸ ਤਰ੍ਹਾਂ, ਪਾਣੀ ਅਤੇ ਗੈਸ ਪਾਇਪਲਾਇਨ ਦੀ ਨਿਗਰਾਨੀ ਵੀ ਡਰੋਨ ਰਾਹੀਂ ਕੀਤੀ ਜਾ ਰਹੀ ਹੈ। ਆਇਲ ਪਲੈਟਫਾਰਮਾਂ ਅਤੇ ਮਾਇੰਸ ਦੀ ਨਿਗਰਾਨੀ ਲਈ ਇਸਦੀ ਮਦਦ ਲਈ ਜਾ ਰਹੀ ਹੈ। ਖਤਾਨਾਂ ਵਿੱਚ ਤਾਂ ਗੱਡੀਆਂ ਦੇ ਵਿੱਚ ਸੰਭਾਵਿਤ ਟੱਕਰ ਨੂੰ ਰੋਕਣ ਵਿੱਚ ਵੀ ਡਰੋਨ ਕੰਮ ਆ ਰਹੇ ਹਨ। ਪੁਲੀਸ ਲਈ ਵੀ ਡਰੋਨ ਕੰਮ ਦੀ ਚੀਜ ਹੈ। ਸੰਵੇਦਨਸ਼ੀਲ ਇਲਾਕਿਆਂ ਵਿੱਚ ਇਹਨਾਂ ਦੀ ਮਦਦ ਨਾਲ ਕਿਸੇ ਵੀ ਸੰਭਾਵਿਤ ਟਕਰਾਓ ਨੂੰ ਰੋਕਿਆ ਜਾ ਸਕਦਾ ਹੈ। ਇਸਦੇ ਨਾਲ ਹੀ, ਸੜਕ ਆਵਾਜਾਈ ਨੂੰ ਬਿਹਤਰ ਢੰਗ ਨਾਲ ਮੈਨੇਜ ਕਰਨ ਵਿੱਚ ਵੀ ਇਹ ਤਕਨੀਕ ਮਦਦਗਾਰ ਹੈ।
ਡਰੋਨ ਦਾ ਇਸਤੇਮਾਲ ਖੇਤੀ ਵਿੱਚ ਵੀ ਵੱਧ ਰਿਹਾ ਹੈ। ਇਸ ਤੋਂ ਲਈਆਂ ਗਈਆਂ ਤਸਵੀਰਾਂ ਨਾਲ ਫਸਲ, ਮਿੱਟੀ, ਸਿੰਚਾਈ ਅਤੇ ਉਰਵਰਕ ਦੇ ਬਿਹਤਰ ਪ੍ਰਬੰਧਨ ਵਿੱਚ ਮਦਦ ਮਿਲ ਰਹੀ ਹੈ। ਡਰੋਨ ਨਾਲ ਕੀਟਨਾਸ਼ਕਾਂ ਦਾ ਛਿੜਕਾਓ ਕਰਨਾ ਵੀ ਫਾਇਦੇਮੰਦ ਹੈ ਕਿਉਂਕਿ ਇਸ ਵਿੱਚ ਕਿਸਾਨ ਦੀ ਸਿਹਤ ਨੂੰ ਨੁਕਸਾਨ ਪੁੱਜਣ ਦਾ ਖਦਸ਼ਾ ਘੱਟ ਹੁੰਦਾ ਹੈ। ਵਿਆਹ ਵਰਗੇ ਸਮਾਜਿਕ ਆਯੋਜਨਾਂ, ਉਚਾਈ ਅਤੇ ਖਾਸ ਕੋਣ ਤੋਂ ਵੀਡੀਓ ਬਣਾਉਣ ਦੇ ਨਾਲ ਲਾਈਟ ਇਫੈਕਟਸ ਲਈ ਵੀ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਸਿਨੇਮਾ ਅਤੇ ਨਿਊਜ ਮੀਡੀਆ ਵਿੱਚ ਹਵਾਈ ਦ੍ਰਿਸ਼ਾਂ ਲਈ ਡਰੋਨ ਦੀ ਮਦਦ ਲਈ ਜਾ ਰਹੀ ਹੈ।
ਸਰਕਾਰ ਨੂੰ ਵੀ ਡਰੋਨ ਦੀ ਸਮਰੱਥਾ ਦਾ ਅਹਿਸਾਸ ਹੈ ਅਤੇ ਇਸ ਮਾਮਲੇ ਵਿੱਚ ਉਹ ਸਰਗਰਮੀ ਵਿਖਾ ਰਹੀ ਹੈ। ਹਾਲ ਹੀ ਵਿੱਚ ਉਸਨੇ 500 ਕਿੱਲੋ ਤੱਕ ਸਾਮਾਨ ਇਸ ਨਾਲ ਢੋਣ ਦੀ ਇਜਾਜਤ ਦਿੱਤੀ ਹੈ। ਉਸਨੇ ਟੈਕਸ ਵਿੱਚ ਕਟੌਤੀ, ਰਜਿਸਟਰੇਸ਼ਨ ਦੇ ਨਿਯਮ ਆਸਾਨ ਕਰਨ ਅਤੇ ਮੰਜੂਰੀਆਂ ਨੂੰ ਆਸਾਨ ਬਣਾਇਆ ਹੈ। ਪਹਿਲਾਂ ਸੁਰੱਖਿਆ ਮਨਜ਼ੂਰੀ ਦਾ ਕੰਮ ਪੇਚਦਾਰ ਸੀ, ਜਿਸਨੂੰ ਹੁਣ ਆਸਾਨ ਕੀਤਾ ਗਿਆ ਹੈ। ਇਹਨਾਂ ਉਪਰਾਲਿਆਂ ਨਾਲ ਬਿਜਨੈਸ ਕੰਮਿਉਨਿਟੀ ਨੂੰ ਮਦਦ ਮਿਲੇਗੀ।
ਇਹ ਗੱਲ ਠੀਕ ਹੈ ਕਿ ਡਰੋਨ ਨੂੰ ਲੈ ਕੇ ਸਭਤੋਂ ਵੱਡੇ ਡਿਵੈਲਪਮੈਂਟ ਫੌਜੀ ਖੇਤਰ ਵਿੱਚ ਹੋਣਗੇ, ਪਰ ਇਸਦਾ ਕਮਰਸ਼ੀਲ ਦਾਇਰਾ ਕਿਤੇ ਵਿਆਪਕ ਹੋਵੇਗਾ। ਛੇਤੀ ਹੀ ਐਡਵਾਂਸਡ ਆਰਟਿਫਿਸ਼ਲ ਇੰਟੈਲਿਜੈਂਸ ਸਮਰੱਥਾ ਵਾਲੇ ਡਰੋਨ ਆਉਣਗੇ ਅਤੇ ਹਵਾਈ ਟੈਕਸੀਆਂ ਦਾ ਟਰਾਇਲ ਤਾਂ ਪਹਿਲਾਂ ਤੋਂ ਹੀ ਚੱਲ ਰਿਹਾ ਹੈ। ਬਹੁਤ ਛੋਟੇ ਡਰੋਨ ਵੀ ਆਉਣਗੇ, ਜਿਸਦੇ ਨਾਲ ਇਨ੍ਹਾਂ ਦਾ ਇਸਤੇਮਾਲ ਵਧਣ ਦੇ ਲੱਛਣ ਹਨ। ਇਸ ਨਾਲ ਖਾਸ ਤੌਰ ਤੇ ਨਿਜਤਾ ਦੇ ਅਧਿਕਾਰ ਨੂੰ ਲੈ ਕੇ ਫਿਰ ਤੋਂ ਬਹਿਸ ਤੇਜ ਹੋ ਸਕਦੀ ਹੈ।