ਨੰਗਲ ,17 ਜੁਲਾਈ 2023 :-ਭਾਰੀ ਬਰਸਾਤ ਕਾਰਨ ਪੈਦਾ ਹੋਏ ਹੜ੍ਹਾ ਵਰਗੇ ਹਾਲਾਤ ਦੌਰਾਨ ਪ੍ਰਭਾਵਿਤ ਖੇਤਰਾਂ ਵਿੱਚ ਕਈ ਦਵਾਈ, ਸਬ਼ਜੀ ਤੇ ਖਾਦ ਪਦਾਰਥ ਵਿਕਰੇਤਾਵਾਂ ਤੇ ਮਕੈਨਿਕਾਂ ਵੱਲੋਂ ਆਮ ਪਬਲਿਕ ਪਾਸੋਂ ਉਨ੍ਹਾਂ ਦੇ ਨਿਰਧਾਰਤ ਰੇਟਾਂ ਤੋਂ ਵੱਧ ਕੀਮਤ ਵਸੂਲੀ ਜਾ ਰਹੀ ਹੈ, ਜੋ ਕਿ ਗਲਤ ਅਤੇ ਗੈਰ ਕਾਨੂੰਨੀ ਹੈ, ਅਜਿਹੇ ਵਿਅਕਤੀਆਂ ਨੂੰ ਹਦਾਇਤ ਹੈ ਕਿ ਉਹ ਨਿਰਧਾਰਤ ਕੀਮਤ ਹੀ ਵਸੂਲਣ।
ਇਹ ਜਾਣਕਾਰੀ ਐਸ.ਡੀ.ਐਮ ਨੰਗਲ ਮਨੀਸ਼ਾ ਰਾਣਾ ਆਈ.ਏ.ਐਸ ਨੇ ਅੱਜ ਇੱਥੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅਜਿਹੀਆ ਸ਼ਿਕਾਇਤਾ ਪ੍ਰਸਾਸ਼ਨ ਦੇ ਧਿਆਨ ਵਿੱਚ ਆਇਆ ਹਨ ਤੇ ਲੋੜਵੰਦ ਖਪਤਕਾਰਾਂ ਦੀ ਮਜਬੂਰੀ ਤੇ ਪ੍ਰੇਸ਼ਾਨੀ ਦਾ ਨਜਾਇਜ ਫਾਇਦਾ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹੀ ਸ਼ਿਕਾਇਤ ਮਿਲੇਗੀ ਤਾਂ ਸਬੰਧਿਤ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋ ਇਲਾਵਾ ਸਬਜੀ ਮੰਡੀਆਂ ਵਿੱਚ ਵੀ ਖਪਤਕਾਰਾਂ ਨੂੰ ਵੱਧ ਰੇਟਾਂ ਤੇ ਸਬਜੀਆਂ ਸਪਲਾਈ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖਪਤਕਾਰਾਂ ਲਈ ਸਪਲਾਈ ਹੋਣ ਵਾਲੇ ਸਮਾਨ ਦਾ ਮਿਆਰ ਤੇ ਗੁਣਵੱਤਾ ਦੀ ਚੈਕਿੰਗ ਕੀਤੀ ਜਾਵੇ, ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀ ਵੀ ਆਪਣੇ ਵਿਭਾਗ ਦੀਆਂ ਟੀਮਾਂ ਦਾ ਗਠਨ ਕਰਕੇ ਨਿਰੰਤਰ ਚੈਕਿੰਗ ਕਰਨ। ਉਨ੍ਹਾਂ ਨੇ ਕਰ ਤੇ ਆਬਕਾਰੀ ਵਿਭਾਗ ਨੂੰ ਨਿਰਧਾਰਤ ਕੀਮਤਾਂ ਤੇ ਹੋ ਰਹੀ ਵਿਕਰੀ ਦੀ ਪੜਤਾਲ ਕਰਨ ਲਈ ਕਿਹਾ। ਉਨ੍ਹਾਂ ਵੱਖ ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕੀਤਾ ਜਾਵੇ।