ਮੁੰਬਈ, 3 ਸਤੰਬਰ – ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਰੈਪਰ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਉਨ੍ਹਾਂ ਤੇ ਘਰੇਲੂ ਹਿੰਸਾ, ਮਾਨਸਿਕ ਸ਼ੋਸ਼ਣ ਤੇ ਆਰਥਿਕ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਇਸ ਮਾਮਲੇ ਵਿੱਚ ਉਹ ਅੱਜ ਤੀਸ ਹਜ਼ਾਰੀ ਕੋਰਟ ਵਿੱਚ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਘੇਰ ਕੇ ਰੱਖਿਆ ਸੀ, ਜਦਕਿ ਪਿਛਲੀ ਸੁਣਵਾਈ ਵਿੱਚ ਕੋਰਟ ਨੇ ਸੰਮਨ ਜਾਰੀ ਕਰਕੇ ਹਨੀ ਸਿੰਘ ਨੂੰ ਪੇਸ਼ ਹੋਣ ਲਈ ਕਿਹਾ ਸੀ।
ਅਸਲ ਵਿੱਚ ਪਿਛਲੀ ਸੁਣਵਾਈ ਵਿੱਚ ਕੋਰਟ ਦੇ ਹੁਕਮ ਦੇ ਬਾਵਜੂਦ ਹਨੀ ਸਿੰਘ ਪੇਸ਼ ਨਹੀਂ ਹੋਏ ਸਨ। ਇਸ ਤੇ ਕੋਰਟ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਸੀ ਕਿ ਹੈਰਾਨਗੀ ਹੈ, ਕੋਰਟ ਦੇ ਹੁਕਮ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਹੈ। ਦੋਸ਼ੀ ਨੂੰ ਸੋਚਣਾ ਚਾਹੀਦਾ ਹੈ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ। ਜਿਕਰਯੋਗ ਹੈ ਕਿ ਮਸ਼ਹੂਰ ਗਾਇਕ ਤੇ ਰੈਪਰ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ‘ਦਿ ਪ੍ਰੋਟੈਕਸ਼ਨ ਆਫ ਵੁਮੈਨ ਫਰਾਮ ਡੋਮੈਸਟਿਕ ਵਾਇਲੈਂਸ ਐਕਟ’ ਤਹਿਤ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿੱਚ ਗਾਇਕ ਖ਼ਿਲਾਫ਼ ਘਰੇਲੂ ਹਿੰਸਾ ਦੀ ਪਟੀਸ਼ਨ ਦਰਜ ਕਰਵਾਈ ਹੈ।
ਸ਼ਾਲਿਨੀ ਦਾ ਦੋਸ਼ ਹੈ ਕਿ ਹਨੀ ਸਿੰਘ, ਉਸ ਦੇ ਮਾਤਾ-ਪਿਤਾ ਤੇ ਛੋਟੀ ਭੈਣ ਨੇ ਉਸ ਦਾ ਸ਼ੋਸ਼ਣ ਕੀਤਾ ਹੈ। 160 ਸਫਿਆਂ ਦੀ ਪਟੀਸ਼ਨ ਵਿੱਚ ਸ਼ਾਲਿਨੀ ਨੇ 10 ਸਾਲ ਪੁਰਾਣੇ ਹਨੀਮੂਨ ਦਾ ਇਕ ਅਜਿਹਾ ਰਾਜ਼ ਖੋਲ੍ਹਿਆ ਹੈ, ਜਿਸ ਨੂੰ ਅੱਜ ਤਕ ਕੋਈ ਨਹੀਂ ਜਾਣਦਾ ਸੀ।
ਸ਼ਾਲਿਨੀ ਦਾ ਦੋਸ਼ ਹੈ ਕਿ ਹਨੀਮੂਨ ਦੌਰਾਨ ਹੀ ਹਨੀ ਸਿੰਘ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਇਲਾਵਾ ਸ਼ਾਲਿਨੀ ਨੇ ਕੋਰਟ ਵਿੱਚ ਦਿੱਤੀ ਗਈ ਆਪਣੀ ਪਟੀਸ਼ਨ ਵਿੱਚ ਦੱਸਿਆ ਕਿ ਦੋਵੇਂ ਇਕੱਠੇ ਸਕੂਲ ਵਿੱਚ ਪੜ੍ਹਦੇ ਸਨ, ਜਿਥੇ ਦੋਵਾਂ ਦਾ ਅਫੇਅਰ ਸ਼ੁਰੂ ਹੋਇਆ। ਲਗਭਗ 10 ਸਾਲ ਦੇ ਪਿਆਰ ਤੋਂ ਬਾਅਦ 14 ਮਾਰਚ, 2010 ਨੂੰ ਦੋਵਾਂ ਦੇ ਘਰ ਵਾਲਿਆਂ ਦੀ ਮਰਜ਼ੀ ਨਾਲ ਦੋਵਾਂ ਦੀ ਮੰਗਣੀ ਹੋਈ ਤੇ ਫਿਰ 23 ਜਨਵਰੀ 2011 ਵਿੱਚ ਦੋਵਾਂ ਨੇ ਪਰਿਵਾਰ ਵਾਲਿਆਂ ਦੀ ਮੌਜੂਦਗੀ ਵਿੱਚ ਸਰੋਜਨੀ ਨਗਰ ਦੇ ਗੁਰਦੁਆਰਾ ਸਾਹਿਬ ਵਿੱਚ ਵਿਆਹ ਕਰਵਾ ਲਿਆ।