ਕਾਬੁਲ, 30 ਅਗਸਤ- ਅਫਗਾਨਿਸਤਾਨ ਦੇ ਕਾਬੁਲ ਵਿੱਚ ਅੱਜ ਸਵੇਰੇ ਇਕ ਵਾਰ ਫਿਰ ਰਾਕੇਟ ਦਾਗੇ ਗਏ ਹਨ। ਸਵੇਰੇ ਕਰੀਬ 6:40 ਵਜੇ ਕਾਬੁਲ ਹਵਾਈ ਅੱਡੇ ਨੇੜੇ ਰਾਕੇਟ ਹਮਲੇ ਕੀਤੇ ਗਏ ਹਨ। ਸ਼ੁਰੂਆਤੀ ਜਾਣਕਾਰੀ ਅਨੁਸਾਰ ਇਕ ਗੱਡੀ ਤੋਂ ਇਹਨਾਂ ਰਾਕੇਟ ਨੂੰ ਛੱਡਿਆ ਗਿਆ ਸੀ। ਜਿਕਰਯੋਗ ਹੈ ਕਿ ਅਮਰੀਕੀ ਸੈਨਾ ਦੇ ਅਫਗਾਨਿਸਤਾਨ ਛੱਡਣ ਤੋਂ ਪਹਿਲਾਂ ਇਸ ਤਰ੍ਹਾਂ ਦੇ ਹਮਲੇ ਕਾਫੀ ਤੇਜ਼ ਹੋਏ ਹਨ।
ਇਹਨਾਂ ਰਾਕੇਟਾਂ ਕਾਰਨ ਵੱਖ-ਵੱਖ ਥਾਵਾਂ ਤੇ ਧੂੰਏਂ ਦਾ ਗੁਬਾਰ ਉੱਠ ਰਿਹਾ ਸੀ। ਕਈ ਥਾਂ ਅੱਗ ਵੀ ਲੱਗੀ ਸੀ ਅਤੇ ਕਈ ਗੱਡੀਆਂ ਨੁਕਸਾਨੀਆਂ ਗਈਆਂ ਹਨ। ਇਹ ਰਾਕੇਟ ਕਿਸਨੇ ਦਾਗੇ ਹਨ ਫਿਲਹਾਲ ਇਸ ਸੰਬੰਧੀ ਜਾਣਕਾਰੀ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਬੁਲ ਹਵਾਈ ਅੱਡੇ ਨੇੜੇ ਯੂਨੀਵਰਸਿਟੀ ਦੇ ਕਿਨਾਰੇ ਤੋਂ ਇਕ ਗੱਡੀ ਤੋਂ ਰਾਕੇਟ ਦਾਗੇ ਗਏ। ਕਈ ਰਾਕੇਟਾਂ ਨੂੰ ਕਾਬੁਲ ਏਅਰ ਫੀਲਡ ਡਿਫੈਂਸ ਸਿਸਟਮ ਨੇ ਅਸਫਲ ਕਰ ਦਿੱਤਾ ਹੈ।
ਜਿਕਰਯੋਗ ਹੈ ਕਿ 31 ਅਗਸਤ ਤੱਕ ਅਮਰੀਕੀ ਸੈਨਾ ਨੇ ਕਾਬੁਲ ਛੱਡਣਾ ਹੈ ਅਤੇ ਉਸ ਤੋਂ ਪਹਿਲਾਂ ਕਾਬੁਲ ਹਵਾਈ ਅੱਡੇ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਲੈ ਕੇ ਐਲਰਟ ਜਾਰੀ ਕੀਤਾ ਗਿਆ ਹੈ।
ਪਹਿਲਾਂ ਵੀ ਕਾਬੁਲ ਹਵਾਈ ਅੱਡੇ ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ ਜਿਸ ਵਿੱਚ 13 ਅਮਰੀਕੀ ਸੈਨਿਕਾਂ ਸਮੇਤ ਸੈਂਕੜੇ ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਇਸ ਮਗਰੋਂ ਅਮਰੀਕਾ ਵੱਲੋਂ ਕਾਬੁਲ ਵਿੱਚ ਏਅਰਸਟ੍ਰਾਈਕ ਕੀਤੀ ਗਈ ਜਿਸ ਵਿੱਚ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਬੀਤੇ ਦਿਨ ਇਕ ਸਟ੍ਰਾਈਕ ਵਿੱਚ ਆਮ ਲੋਕਾਂ ਦੀ ਵੀ ਜਾਨ ਗਈ ਸੀ ਭਾਵੇਂਕਿ ਅਮਰੀਕਾ ਵੱਲੋਂ ਪਹਿਲਾਂ ਹੀ ਐਲਰਟ ਜਾਰੀ ਕੀਤਾ ਗਿਆ ਸੀ ਕਿ 31 ਅਗਸਤ ਤੱਕ ਕਾਬੁਲ ਹਵਾਈ ਅੱਡੇ ਤੇ ਕਈ ਹਮਲੇ ਕੀਤੇ ਜਾ ਸਕਦੇ ਹਨ।