ਵੈਲਿੰਗਟਨ, 30 ਅਗਸਤ- ਨਿਊਜ਼ੀਲੈਂਡ ਵਿੱਚ ਫਾਈਜ਼ਰ ਦੀ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਇਕ ਔਰਤ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਵਿੱਚ ਫਾਈਜ਼ਰ ਵੈਕਸੀਨ ਨਾਲ ਜੁੜੀ ਇਹ ਪਹਿਲੀ ਮੌਤ ਹੈ। ਪੂਰੀ ਦੁਨੀਆ ਵਿੱਚ ਸਭ ਤੋਂ ਪਹਿਲਾਂ ਕੋਰੋਨਾ ਮੁਕਤ ਹੋਣ ਵਾਲਾ ਦੇਸ਼ ਨਿਊਜ਼ੀਲੈਂਡ ਇਕ ਵਾਰ ਫਿਰ ਇਨਫੈਕਸ਼ਨ ਦੀ ਚਪੇਟ ਵਿੱਚ ਹੈ। ਦੋ ਹਫ਼ਤੇ ਪਹਿਲਾਂ ਇੱਥੇ ਕੋਰੋਨਾ ਦਾ ਪਹਿਲਾ ਮਰੀਜ਼ ਮਿਲਿਆ ਸੀ ਜਿਸ ਮਗਰੋਂ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਮੁੜ ਤਾਲਾਬੰਦੀ ਦਾ ਐਲਾਨ ਕਰ ਦਿੱਤਾ। ਇਸ ਵਿਚਕਾਰ ਨਿਊਜ਼ੀਲੈਂਡ ਵਿੱਚ ਕੋਰੋਨਾ ਵੈਕਸੀਨ ਨਾਲ ਪਹਿਲੀ ਮੌਤ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ।
ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਫਾਈਜ਼ਰ ਵੈਕਸੀਨ ਨਾਲ ਇਕ ਮਰੀਜ਼ ਦੀ ਮੌਤ ਦੀ ਪੁਸ਼ਟੀ ਕੀਤੀ। ਨਿਊਜ਼ੀਲੈਂਡ ਦੇ ਸਿਹਤ ਮੰਤਰਾਲੇ ਮੁਤਾਬਕ ਵੈਕਸੀਨ ਲੱਗਣ ਨਾਲ ਜਿਹੜੇ ਮਰੀਜ਼ ਦੀ ਮੌਤ ਹੋਈ ਹੈ ਉਹ ਇਕ ਔਰਤ ਹੈ। ਭਾਵੇਂਕਿ ਅਧਿਕਾਰੀਆਂ ਨੇ ਔਰਤ ਉਮਰ ਦੀ ਜਾਣਕਾਰੀ ਨਹੀਂ ਦਿੱਤੀ ਹੈ। ਸਿਹਤ ਮੰਤਰਾਲੇ ਦਾ ਇਕ ਨਿਗਰਾਨੀ ਬੋਰਡ ਇਸ ਔਰਤ ਦੀ ਵੈਕਸੀਨ ਲੱਗਣ ਤੋਂ ਬਾਅਦ ਹੀ ਸਮੀਖਿਆ ਕਰ ਰਿਹਾ ਸੀ।
ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਔਰਤ ਦੀ ਮੌਤ ਦਾ ਕਾਰਨ ਮਾਇਓਕਾਰਡੀਟਿਸ ਬਿਮਾਰੀ ਰਹੀ ਜੋ ਫਾਈਜ਼ਰ ਵੈਕਸੀਨ ਲੱਗਣ ਕਰਕੇ ਉਸ ਦੇ ਮਾੜੇ ਅਸਰ ਦੇ ਤੌਰ ਤੇ ਦੇਖੀ ਜਾ ਰਹੀ ਹੈ।
ਸਿਹਤ ਮੰਤਰਾਲੇ ਮੁਤਾਬਕ ਨਿਊਜ਼ੀਲੈਂਡ ਵਿੱਚ ਇਹ ਪਹਿਲਾ ਮਾਮਲਾ ਹੈ ਜਿੱਥੇ ਟੀਕਾਕਰਨ ਦੇ ਬਾਅਦ ਮਰੀਜ਼ ਦੀ ਮੌਤ ਹੋਈ ਹੈ।
ਜਿਕਰਯੋਗ ਹੈ ਕਿ ਨਿਊਜ਼ੀਲੈਂਡ ਵਿੱਚ ਫਾਈਜ਼ਰ/ਬਾਇਓਨਟੇਕ, ਜਾਨਸਨ ਅਤੇ ਐਸਟ੍ਰਾਜ਼ੇਨੇਕਾ ਦੀ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਸੀ। ਉੱਥੇ ਫਾਈਜ਼ਰ ਹੀ ਇਕੋਇਕ ਵੈਕਸੀਨ ਹੈ ਜਿਸ ਨੂੰ ਨਿਊਜ਼ੀਲੈਂਡ ਵਿੱਚ ਲੋਕਾਂ ਨੂੰ ਲਗਾਇਆ ਜਾ ਰਿਹਾ ਹੈ। ਨਿਊਜ਼ੀਲੈਂਡ ਕਰੀਬ 6 ਮਹੀਨੇ ਤੱਕ ਕੋਰੋਨਾ ਮੁਕਤ ਰਹਿਣ ਦੇ ਬਾਅਦ ਇਕ ਵਾਰ ਫਿਰ ਕੋਰੋਨਾ ਦੇ ਡੈਲਟਾ ਵੈਰੀਐਂਟ ਨਾਲ ਜੂਝ ਰਿਹਾ ਹੈ। ਨਿਊਜ਼ੀਲੈਂਡ ਦੇ ਇਨਫੈਕਸ਼ਨ ਦਾ ਅਸਰ ਗੁਆਂਢੀ ਦੇਸ਼ ਆਸਟ੍ਰੇਲੀਆ ਤੇ ਵੀ ਪਿਆ ਹੈ।