ਨੌਜੁਆਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸ਼੍ਰੋਮਣੀ ਕਮੇਟੀ ਵਚਨਬੱਧ -ਬੀਬੀ ਜਗੀਰ ਕੌਰ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਲੜਕੀਆਂ ਨੂੰ ਖੇਡਾਂ ਵੱਲ ਹੋਰ ਉਤਸ਼ਾਹਤ ਕਰਨ ਲਈ ਇੱਕ ਅਹਿਮ ਫੈਸਲਾ ਲੈਂਦਿਆਂ ਵੱਖਰਾ ਡਾਇਰੈਕਟੋਰੇਟ ਸਥਾਪਤ ਕੀਤਾ ਹੈ। ਲੜਕੀਆਂ ਲਈ ਬਣਾਏ ਗਏ ਇਸ ਡਾਇਰੈਕਟੋਰੇਟ ਖੇਡਾਂ ਦੇ ਡਾਇਰੈਕਟਰ ਹਾਕੀ ਉਲੰਪੀਅਨ ਬੀਬੀ ਰਾਜਬੀਰ ਕੌਰ ਅਰਜੁਨਾ ਐਵਾਰਡੀ ਸਾਬਕਾ ਕਪਤਾਨ ਭਾਰਤੀ ਹਾਕੀ ਟੀਮ ਅਤੇ ਡਿਪਟੀ ਡਾਇਰੈਕਟਰ ਬੀਬੀ ਸੁਰਜੀਤ ਕੌਰ ਹਾਕੀ ਉਲੰਪੀਅਨ ਨੂੰ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਇੱਕ ਸਲਾਹਕਾਰ ਕਮੇਟੀ ਵੀ ਬਣਾਈ ਗਈ ਹੈ, ਜਿਸ ਵਿਚ ਖੇਡਾਂ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੀਆਂ ਬੀਬੀਆਂ ਸ਼ਾਮਲ ਕੀਤੀਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਡਾਇਰੈਕਟਰ ਤੇ ਡਿਪਟੀ ਡਾਇਰੈਕਟਰ ਤੋਂ ਇਲਾਵਾ ਸਲਾਹਕਾਰ ਕਮੇਟੀ ਵਿਚ ਮੁੱਖ ਸਲਾਹਕਾਰ ਦੀ ਸੇਵਾ ਹਾਕੀ ਉਲੰਪੀਅਨ ਪ੍ਰਿੰ. ਰੂਪਾ ਸੈਣੀ ਗੋਲਡ ਮੈਡਲਿਸਟ ਨੂੰ ਦਿੱਤੀ ਗਈ ਹੈ, ਜਦਕਿ ਸਲਾਹਕਾਰ ਕਮੇਟੀ ਦੇ ਬਾਕੀ ਮੈਂਬਰਾਂ ਵਿਚ ਨੈਸ਼ਨਲ ਬਾਸਕਿਟ ਬਾਲ ਖਿਡਾਰਨ ਬੀਬੀ ਹਰਪ੍ਰੀਤ ਕੌਰ ਬਰਨਾਲਾ, ਕੌਮਾਂਤਰੀ ਬਾਸਕਿਟ ਬਾਲ ਖਿਡਾਰਨ ਸ੍ਰੀਮਤੀ ਸੁਮਿਤੀ ਸੇਵਾਮੁਕਤ ਪ੍ਰਿੰਸੀਪਲ, ਸਾਬਕਾ ਕ੍ਰਿਕਟਰ ਸ੍ਰੀਮਤੀ ਪੂਨਮ ਅਰੋੜਾ, ਬੀਬੀ ਪਰਮਿੰਦਰ ਕੌਰ ਪੰਨੂ ਅਤੇ ਬੀਬੀ ਰਾਜਿੰਦਰ ਕੌਰ ਨੈਸ਼ਨਲ ਹਾਕੀ ਖਿਡਾਰਨ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਸਪੋਰਟਸ ਵਿਭਾਗ ਅਧੀਨ ਤਿੰਨ ਹਾਕੀ ਅਕੈਡਮੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਸਕੂਲਾਂ/ਕਾਲਜਾਂ ਅੰਦਰ ਵੱਖ-ਵੱਖ ਖੇਡਾਂ ਨੂੰ ਵੀ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਇਸ ਵਿਚ ਵਾਧਾ ਕਰਦਿਆਂ ਹੀ ਲੜਕੀਆਂ ਲਈ ਡਾਇਰੈਕਟੋਰੇਟ ਖੇਡਾਂ ਸਥਾਪਤ ਕੀਤਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਲੜਕੀਆਂ ਨੂੰ ਖੇਡਾਂ ਲਈ ਬਿਹਤਰ ਮੌਕੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਪਿਛਲੇ ਦਿਨੀਂ ਹੀ ਹਾਕੀ ਇੰਡੀਆ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਅਕੈਡਮੀਆਂ ਨੂੰ ਮਾਨਤਾ ਮਿਲੀ ਹੈ। ਬੀਬੀ ਜਗੀਰ ਕੌਰ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ ਅੰਦਰ ਪੜ੍ਹਨ ਵਾਲੇ ਵਿਦਿਆਰਥੀਆਂ ਵਿੱਚੋਂ ਚੰਗੇ ਖਿਡਾਰੀਆਂ ਨੂੰ ਚੁਣ ਕੇ ਵੱਖ-ਵੱਖ ਖੇਡਾਂ ਲਈ ਅੱਗੇ ਵਧਣ ਲਈ ਪ੍ਰੇਰਿਆ ਜਾਵੇਗਾ ਤੇ ਬਿਹਤਰ ਕਾਰਗੁਜਾਰੀ ਲਈ ਖੇਡ ਸਹੂਲਤਾਂ ਦਿੱਤੀਆਂ ਜਾਣਗੀਆਂ।ਇਸੇ ਦੌਰਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ (ਗੁਰਦਾਸਪੁਰ) ਦੀ ਹੋਣਹਾਰ ਹਾਕੀ ਖਿਡਾਰਨ ਬਲਜਿੰਦਰ ਕੌਰ ਨੂੰ 21 ਹਜ਼ਾਰ ਰੁਪਏ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ। ਬਲਜਿੰਦਰ ਕੌਰ ਬੀਤੇ ਸਾਲ ਹਾਕੀ ਦੇ ਇੰਡੀਆ ਕੈਂਪ ਲਈ ਚੁਣੀ ਗਈ ਸੀ। ਇਸ ਤੋਂ ਇਲਾਵਾ ਉਸ ਨੇ ਕਈ ਹੋਰ ਖੇਡ ਪ੍ਰਾਪਤੀਆਂ ਵੀ ਕੀਤੀਆਂ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਤੇਜਿੰਦਰ ਸਿੰਘ ਪੱਡਾ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ, ਸੁਪਿ੍ਰੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਓਐਸਡੀ ਡਾ. ਸੁਖਬੀਰ ਸਿੰਘ, ਪ੍ਰਿੰ. ਡਾ. ਗੁਰਜੀਤ ਸਿੰਘ, ਡਾ. ਚਰਨਜੀਤ ਸਿੰਘ, ਪ੍ਰੋ. ਹਰਜੀਤ ਕੌਰ, ਪ੍ਰੋ. ਅਜੈਪਾਲ ਸਿੰਘ, ਡਾ. ਗੁਰਬੀਰ ਸਿੰਘ, ਪ੍ਰੋ. ਕਮਲਜੀਤ ਕੌਰ ਆਦਿ ਮੌਜੂਦ ਸਨ।