ਸਿਡਨੀ, 27 ਅਗਸਤ- ਗਲੋਬਲ ਪੱਧਰ ਤੇ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਇਸ ਦੇ ਨਵੇਂ ਵੈਰੀਐਂਟ ਚਿੰਤਾ ਨੂੰ ਹੋਰ ਜ਼ਿਆਦਾ ਵਧਾਉਣ ਵਾਲੇ ਸਾਬਤ ਹੋ ਰਹੇ ਹਨ। ਪੂਰੀ ਦੁਨੀਆ ਵਿੱਚ ਡੈਲਟਾ ਵੈਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ। ਜਿਹੜੇ ਵੈਰੀਐਂਟ ਨੇ ਪਹਿਲਾਂ ਭਾਰਤ ਵਿੱਚ ਦੂਜੀ ਲਹਿਰ ਦੌਰਾਨ ਭਾਰੀ ਤਬਾਹੀ ਮਚਾਈ ਹੁਣ ਉਹੀ ਵੈਰੀਐਂਟ ਆਸਟ੍ਰੇਲੀਆ ਲਈ ਖਤਰਾ ਬਣ ਗਿਆ ਹੈ। ਸਿਡਨੀ ਵਿੱਚ ਇਸ ਸਮੇਂ ਕੋਰੋਨਾ ਦੇ ਰਿਕਾਰਡ ਮਾਮਲੇ ਦਰਜ ਕੀਤੇ ਜਾ ਰਹੇ ਹਨ।
ਸਿਡਨੀ ਵਿੱਚ ਕੋਰੋਨਾ ਦੀ ਸਥਿਤੀ ਇੰਨਾ ਭਿਆਨਕ ਰੂਪ ਲੈ ਚੁੱਕੀ ਹੈ ਕਿ ਹੁਣ ਹਸਪਤਾਲਾਂ ਵਿਚ ਬੈੱਡ ਦੀ ਕਮੀ ਹੋਣ ਲੱਗੀ ਹੈ। ਉਸ ਕਮੀ ਨੂੰ ਦੂਰ ਕਰਨ ਲਈ ਪ੍ਰਸ਼ਾਸਨ ਆਉਟਡੋਰ ਟੈਂਟ ਬਣਾਉਣ ਲਈ ਮਜਬੂਰ ਹੈ। ਹੁਣ ਉਹਨਾਂ ਟੈਂਟ ਵਿੱਚ ਕੋਵਿਡ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਪਿਛਲੇ 24 ਘੰਟੇ ਦੀ ਗੱਲ ਕਰੀਏ ਤਾਂ ਸਿਡਨੀ ਵਿੱਚ ਕੋਰੋਨਾ ਦੇ 1,029 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਵਿੱਚੋਂ ਗ੍ਰੇਟਰ ਸਿਡਨੀ ਵਿੱਚ ਇਕੱਲੇ 838 ਮਾਮਲੇ ਦਰਜ ਕੀਤੇ ਗਏ ਹਨ। ਆਸਟ੍ਰੇਲੀਆ ਵਿੱਚ ਕੋਰੋਨਾ ਮਾਮਲਿਆਂ ਦਾ ਤੇਜ਼ੀ ਨਾਲ ਵੱਧਣਾ ਇਸ ਲਈ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਤੇਜ਼ ਗਤੀ ਨਾਲ ਟੀਕਾਕਰਨ ਦੇ ਬਾਵਜੂਦ ਮਾਮਲੇ ਸਾਹਮਣੇ ਆ ਰਹੇ ਹਨ।
ਅੰਕੜੇ ਮੁਤਾਬਕ 16 ਸਾਲ ਤੋਂ ਉੱਪਰ ਦੇ 32 ਫੀਸਦੀ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਉੱਥੇ 54 ਫੀਸਦੀ ਅਜਿਹੇ ਹਨ ਜਿਹਨਾਂ ਨੂੰ ਪਹਿਲੀ ਡੋਜ਼ ਮਿਲ ਗਈ ਹੈ। ਅਜਿਹੇ ਵਿੱਚ ਆਸਟ੍ਰੇਲੀਆ ਕੋਲ ਟੀਕਾ ਇਕ ਵੱਡਾ ਵਿਕਲਪ ਹੈ ਪਰ ਇਸ ਸਭ ਦੇ ਬਾਵਜੂਦ ਵੀ ਡੈਲਟਾ ਵੈਰੀਐਂਟ ਆਪਣਾ ਕਹਿਰ ਦਿਖਾ ਰਿਹਾ ਹੈ। ਇਹ ਪੂਰੀ ਦੁਨੀਆ ਅਤੇ ਡਬਲਊ. ਐੱਚ. ਓ. ਨੂੰ ਸੋਚਣ ਤੇ ਮਜਬੂਰ ਕਰ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਨੇ ਕੋਰੋਨਾ ਨਾਲ ਨਜਿੱਠਣ ਲਈ ਤਿਆਰੀ ਪਿਛਲੇ ਸਾਲ ਤੋਂ ਹੀ ਸ਼ੁਰੂ ਕਰ ਦਿੱਤੀ ਸੀ। 2000 ਤੋਂ ਵੱਧ ਵੈਂਟੀਲੇਟਰ ਤਿਆਰ ਰੱਖੇ ਗਏ ਸਨ ਪਰ ਹੁਣ ਜਦੋਂ ਡੈਲਟਾ ਕਾਰਨ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਤਾਂ ਪ੍ਰਸ਼ਾਸਨ ਨੂੰ ਲੱਗ ਰਿਹਾ ਹੈ ਕਿ ਸਿਹਤ ਸੇਵਾਵਾਂ ਤੇ ਦਬਾਅ ਲੋੜ ਨਾਲੋਂ ਜ਼ਿਆਦਾ ਹੈ।
ਐਮਰਜੈਂਸੀ ਸੇਵਾਵਾਂ ਨੂੰ ਵਧਾਇਆ ਜਾ ਰਿਹਾ ਹੈ ਪਰ ਚੁਣੌਤੀ ਕਾਫੀ ਜ਼ਿਆਦਾ ਵੱਡੀ ਹੈ ਜਿਸ ਕਾਰਨ ਆਸਟ੍ਰੇਲੀਆ ਵਿੱਚ ਹੁਣ ਕੋਰੋਨਾ ਸਥਿਤੀ ਬੇਕਾਰੂ ਹੁੰਦੀ ਦਿਸ ਰਹੀ ਹੈ। ਇਸ ਸਮੇਂ ਆਸਟ੍ਰੇਲੀਆ ਵਿੱਚ ਕਈ ਇਲਾਕਿਆਂ ਵਿੱਚ ਸਖ਼ਤ ਪਾਬੰਦੀ ਲਾਗੂ ਹੈ। ਮੈਲਬੌਰਨ ਵਿੱਚ ਵੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ।