ਜੰਮੂ, 19 ਅਗਸਤ – ਜੰਮੂ ਕਸ਼ਮੀਰ ਵਿੱਚ ਰਾਜੌਰੀ ਜ਼ਿਲ੍ਹਾ ਦੇ ਥਾਣਾ ਮੰਡੀ ਖੇਤਰ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਇਕ ਜੂਨੀਅਰ ਕਮਿਸ਼ਨ ਅਧਿਕਾਰੀ (ਜੇ. ਸੀ. ਓ.) ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਰਾਸ਼ਟਰੀ ਰਾਈਫਲ ਦੇ ਜੇ. ਸੀ. ਓ. ਦੀ ਗੋਲੀ ਲੱਗ ਗਈ। ਜ਼ਖਮੀ ਹਾਲਤ ਵਿੱਚ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਦੇ ਆਧਾਰ ਤੇ ਸੁਰੱਖਿਆ ਫ਼ੋਰਸਾਂ ਨੇ ਥਾਣਾ ਮੰਡੀ ਖੇਤਰ ਦੇ ਕਾਯੋਰਟੇ ਕਾਲਯਾਸ ਪਿੰਡ ਵਿੱਚ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਸਵੇਰੇ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲਾ ਹੋਇਆ। ਪੁਲੀਸ ਨੇ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਦੇ ਜਵਾਨ ਜਿਵੇਂ ਹੀ ਸ਼ੱਕੀ ਥਾਂ ਦੀ ਘੇਰਾਬੰਦੀ ਕਰ ਰਹੇ ਸਨ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਕਾਬਲਾ ਹਾਲੇ ਤੱਕ ਜਾਰੀ ਹੈ।