October 8, 2021 -ਨਵੀਂ ਦਿੱਲੀ, 8 ਅਕਤੂਬਰ ਭਾਰਤੀ ਅਤੇ ਚੀਨੀ ਫ਼ੌਜੀ ਪਿਛਲੇ ਹਫ਼ਤੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿੱਚ ਯਾਂਗਤਸੇ ਕੋਲ ਕੁਝ ਦੇਰ ਲਈ ਆਹਮਣੇ-ਸਾਹਮਣੇ ਆ ਗਏ ਸਨ ਅਤੇ ਇਸ ਨੂੰ ਸਥਾਪਤ ਪ੍ਰੋਟੋਕਾਲ ਅਨੁਸਾਰ ਦੋਵਾਂ ਪੱਖਾਂ ਦੇ ਸਥਾਨਕ ਕਮਾਂਡਰਾਂ ਦਰਮਿਆਨ ਗੱਲਬਾਤ ਤੋਂ ਬਾਅਦ ਸੁਲਝਾਇਆ ਗਿਆ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਬਹਿਸ ਉਸ ਸਮੇਂ ਹੋਈ, ਜਦੋਂ ਚੀਨੀ ਗਸ਼ਤੀ ਦਲ ਨੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੇ ਫ਼ੌਜੀਆਂ ਨੂੰ ਵਾਪਸ ਭੇਜ ਦਿੱਤਾ ਗਿਆ। ਇਹ ਘਟਨਾ ਪੂਰਬੀ ਲੱਦਾਖ ਵਿਵਾਦ ਤੇ ਦੋਵਾਂ ਪੱਖਾਂ ਵਿਚਾਲੇ ਉੱਚ ਪੱਧਰੀ ਫ਼ੌਜ ਗੱਲਬਾਤ ਦੇ ਇੱਕ ਹੋਰ ਦੌਰ ਤੋਂ ਪਹਿਲਾਂ ਸਾਹਮਣੇ ਆਈ।
ਸੂਤਰਾਂ ਨੇ ਦੱਸਿਆ ਕਿ ਅਗਲੇ 3-4 ਦਿਨਾਂ ਵਿੱਚ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਹੋਣ ਦੀ ਸੰਭਾਵਨਾ ਹੈ। ਤਾਜ਼ਾ ਗਤੀਰੋਧ ਬਾਰੇ ਸੂਤਰਾਂ ਨੇ ਕਿਹਾ ਕਿ ਦੋਵੇਂ ਪੱਖ ਆਪਣੀ-ਆਪਣੀ ਮੰਨੀ ਜਾਣ ਵਾਲੀ ਥਾਂ ਇੱਕ-ਦੂਜੇ ਕੋਲ ਗਸ਼ਤ ਦੀਆਂ ਗਤੀਵਿਧੀਆਂ ਕਰਦੇ ਹਨ ਅਤੇ ਜਦੋਂ ਵੀ ਫ਼ੌਜੀਆਂ ਵਿਚਾਲੇ ਬਹਿਸ ਹੁੰਦੀ ਹੈ, ਸਥਿਤੀ ਨੂੰ ਸਥਾਪਤ ਪ੍ਰੋਟੋਕਾਲ ਅਨੁਸਾਰ ਸੁਲਝਾਇਆ ਜਾਂਦਾ ਹੈ। ਉਕਤ ਸੂਤਰ ਨੇ ਦੱਸਿਆ ਕਿ ਆਪਸੀ ਸਮਝ ਅਨੁਸਾਰ ਪਿੱਛੇ ਹਟਣ ਤੋਂ ਪਹਿਲਾਂ ਕਈ ਘੰਟਿਆਂ ਤੱਕ ਗੱਲਬਾਤ ਚੱਲ ਸਕਦੀ ਹੈ। ਹਾਲਾਂਕਿ, ਫ਼ੋਰਸਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ-ਚੀਨ ਸਰਹੱਦ ਦੀ ਰਸਮੀ ਰੂਪ ਨਾਲ ਹੱਦਬੰਦੀ ਨਹੀਂ ਹੋਈ ਹੈ ਅਤੇ ਇਸ ਲਈ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਨੂੰ ਲੈ ਕੇ ਦੋਵਾਂ ਦੇਸ਼ਾਂ ਦੀ ਸਮਝ ਵਿੱਚ ਅੰਤਰ ਹੈ।
ਘਟਨਾ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਖੇਤਰਾਂ ਨੂੰ ਲੈ ਕੇ ਵੱਖ-ਵੱਖ ਧਾਰਨਾਵਾਂ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਸਮਝੌਤਿਆਂ ਅਤੇ ਪ੍ਰੋਟੋਕਾਲ ਦੇ ਪਾਲਣ ਨਾਲ ਸ਼ਾਂਤੀ ਬਣਾਏ ਰੱਖਣਾ ਸੰਭਵ ਹੈ। ਇਹ ਘਟਨਾ ਪੂਰਬੀ ਲੱਦਾਖ ਵਿੱਚ ਐੱਲ. ਏ. ਸੀ. ਕੋਲ ਕਈ ਇਲਾਕਿਆਂ ਵਿੱਚ ਕਰੀਬ 17 ਮਹੀਨਿਆਂ ਤੋਂ ਭਾਰਤੀ ਅਤੇ ਚੀਨੀ ਫ਼ੌਜੀਆਂ ਦਰਮਿਆਨ ਜਾਰੀ ਵਿਵਾਦ ਵਿਚਾਲੇ ਹੋਈ ਹੈ।