ਮੇਰਠ, 19 ਅਗਸਤ – ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਖਰਖੌਦਾ ਥਾਣਾ ਖੇਤਰ ਦੇ ਇਕ ਪਿੰਡ ਵਿੱਚ ਮੰਦਰ ਅੰਦਰ ਐੱਮ. ਏ. ਦੀ ਵਿਦਿਆਰਥਣ ਦੀ ਗਰਦਨ ਕਟੀ ਲਾਸ਼ ਫਾਹੇ ਨਾਲ ਲਟਕੀ ਮਿਲੀ। ਸੀਨੀਅਰ ਪੁਲੀਸ ਸੁਪਰਡੈਂਟ (ਐੱਸ. ਐੱਸ. ਪੀ.) ਪ੍ਰਭਾਕਰ ਚੌਧਰੀ ਨੇ ਦੱਸਿਆ ਕਿ ਪੁਲੀਸ ਨੂੰ ਸਥਾਨਕ ਲੋਕਾਂ ਤੋਂ ਇਕ ਕੁੜੀ ਦੇ ਮੰਦਰ ਵਿੱਚ ਖ਼ੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਸੀ। ਉਸ ਤੋਂ ਬਾਅਦ ਪੁਲੀਸ ਨੂੰ ਮੌਕੇ ਤੇ ਭੇਜਿਆ ਗਿਆ ਪਰ ਉਦੋਂ ਤੱਕ ਪਰਿਵਾਰ ਦੇ ਲੋਕ ਲਾਸ਼ ਦਾ ਅੰਤਿਮ ਸੰਸਕਾਰ ਕਰ ਚੁਕੇ ਸਨ। ਉਨ੍ਹਾਂ ਦੱਸਿਆ ਕਿ ਫੋਰੈਂਸਿਕ ਟੀਮ ਨੂੰ ਭੇਜ ਕੇ ਸਬੂਤ ਜੁਟਾਏ ਜਾ ਰਹੇ ਹਨ। ਐੱਸ. ਐੱਸ. ਪੀ. ਅਨੁਸਾਰ ਮ੍ਰਿਤਕਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਵਿਦਿਆਰਥਣ ਪੂਜਾ-ਪਾਠ ਬਹੁਤ ਕਰਦੀ ਸੀ ਅਤੇ ਪਹਿਲੀ ਨਜ਼ਰ ਇਹ ਅੰਧਵਿਸ਼ਵਾਸ ਦਾ ਮਾਮਲਾ ਲੱਗ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਖਰਖੌਦਾ ਖੇਤਰ ਦੇ ਇਕ ਪਿੰਡ ਦੀ ਵਾਸੀ 22 ਸਾਲਾ ਵਿਦਿਆਰਥਣ ਹਾਪੁੜ ਦੇ ਇਕ ਕਾਲਜ ਤੋਂ ਐੱਮ. ਏ. ਕਰ ਰਹੀ ਸੀ। ਬੀਤੀ ਦੁਪਹਿਰ ਉਹ ਬਿਨਾਂ ਕਿਸੇ ਨੂੰ ਦੱਸੇ ਘਰੋਂ ਨਿਕਲ ਗਈ।
ਪੁਲੀਸ ਨੇ ਦੱਸਿਆ ਕਿ ਬੀਤੀ ਰਾਤ ਵਿਦਿਆਰਥਣ ਦੇ ਘਰ ਵਾਪਸ ਨਾ ਆਉਣ ਤੇ ਪਰਿਵਾਰ ਨੇ ਤਲਾਸ਼ ਸ਼ੁਰੂ ਕੀਤੀ। ਇਸ ਵਿੱਚ ਕੁਝ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਕੁੜੀ ਨੂੰ ਪਿੰਡ ਦੇ ਦੇਵੀ ਦੇ ਮੰਦਰ ਵੱਲ ਜਾਂਦੇ ਦੇਖਿਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਵਾਲੇ ਉੱਥੇ ਪਹੁੰਚੇ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਖੜਕਾਉਣ ਤੇ ਜਦੋਂ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਉਨ੍ਹਾਂ ਨੇ ਅਣਹੋਣੀ ਦੇ ਖ਼ਦਸ਼ੇ ਵਿੱਚ ਪਿੰਡ ਵਾਸੀਆਂ ਨਾਲ ਮਿਲ ਕੇ ਦਰਵਾਜ਼ਾ ਤੋੜ ਦਿੱਤਾ। ਅੰਦਰ ਦਾ ਦ੍ਰਿਸ਼ ਦੇਖ ਕੇ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ। ਅੰਦਰ ਵਿਦਿਆਰਥਣ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ। ਪੁਲੀਸ ਨੇ ਦੱਸਿਆ ਕਿ ਗਰਦਨ ਕਟੀ ਹੋਈ ਸੀ ਜਿਸ ਤੇ ਡੂੰਘਾ ਜ਼ਖਮ ਸੀ ਅਤੇ ਕਾਫ਼ੀ ਖੂਨ ਵਗ ਚੁੱਕਿਆ ਸੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੁਲੀਸ ਨੂੰ ਬਿਨਾਂ ਦੱਸੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਤੱਕ ਖਰਖੌਦਾ ਦੇ ਨੇੜੇ-ਤੇੜੇ ਦੇ ਪਿੰਡਾਂ ਵਿੱਚ ਕੁੜੀ ਦੇ ਬਲੀ ਦੇਣ ਦੀ ਸੂਚਨਾ ਫੈਲਣ ਲੱਗੀ ਜਿਸ ਤੋਂ ਬਾਅਦ ਇੰਸਪੈਕਟਰ ਸੰਜੇ ਸ਼ਰਮਾ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਕੇ ਪਰਿਵਾਰ ਤੋਂ ਪੁੱਛ-ਗਿੱਛ ਕੀਤੀ। ਮੰਦਰ ਕੰਪਲੈਕਸ ਦਾ ਨਿਰੀਖਣ ਕਰਨ ਤੋਂ ਬਾਅਦ ਕੁਝ ਸਬੂਤ ਕਬਜ਼ੇ ਵਿੱਚ ਲਏ ਗਏ ਹਨ। ਪੁਲੀਸ ਦਾ ਕਹਿਣਾ ਹੈ ਕਿ ਕੁੜੀ ਨੇ ਅੰਧਵਿਸ਼ਵਾਸ ਵਿੱਚ ਇਹ ਕਦਮ ਚੁੱਕਿਆ ਹੈ ਪਰ ਮੌਤ ਦਾ ਕਾਰਨ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।