ਅੰਮ੍ਰਿਤਸਰ, 18 ਅਗਸਤ 2021 – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਅਫਗਾਨਿਸਤਾਨ ਵਿਚ ਵਸਦੀਆਂ ਘੱਟ ਗਿਣਤੀਆਂ ਖਾਸਕਰ ਸਿੱਖਾਂ ਅਤੇ ਉਨ੍ਹਾਂ ਦੇ ਧਰਮ ਅਸਥਾਂਨਾਂ ਦੀ ਹੁੰਦੀ ਬੇਹੁਰਮਤੀ ਤੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਅਫਗਾਨਿਸਤਾਨ ਵਿਚ ਹੋਏ ਰਾਜ ਪਲਟੇ ਵਿੱਚ ਘੱਟ ਗਿਣਤੀਆਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਭਾਰਤ ਸਰਕਾਰ ਪੂਰੀ ਇਮਾਨਦਾਰੀ ਨਾਲ ਉੱਥੇ ਰਹਿੰਦੇ ਸਿੱਖਾਂ ਤੇ ਹੋਰ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਜ਼ੁੰਮੇਵਾਰੀ ਨਿਭਾਵੇ।ਉਨ੍ਹਾਂ ਕਿਹਾ ਘਰੋਂ ਬੇਘਰ ਹੋਏ ਲੋਕ ਦੂਜੇ ਦੇਸ਼ਾਂ ਵੱਲ ਮਦਦ ਭਰੇ ਆਸਰੇ ਦੀ ਆਸ ਨਾਲ ਦੇਖ ਰਹੇ ਹਨ।
ਉਨ੍ਹਾਂ ਨੂੰ ਕਿਤਿਓ ਵੀ ਚੰਗੇ ਹੋਣ ਦੀ ਆਸ ਨਜ਼ਰ ਨਹੀਂ ਆ ਰਹੀ।ਉਨ੍ਹਾਂ ਕਿਹਾ ਕਿ ਇਸ ਉਜਾੜੇ ਦਾ ਕਹਿਰ ਘੱਟ ਗਿਣਤੀਆਂ ਲਈ ਮੁਸੀਬਤਾਂ, ਔਕੜਾਂ, ਬੇਬਸੀ, ਦਹਿਸ਼ਤ ਵਾਲਾ ਮਾਹੌਲ ਲੈ ਕੇ ਆਇਆ ਹੈ।ਉਨ੍ਹਾਂ ਕਿਹਾ ਕਿ ਕਿਸੇ ਨਵੇਂ ਦੇਸ਼ ਦੀ ਉਸਾਰੀ ਵਾਸਤੇ ਕਿੰਨਾ ਧਨ ਤੇ ਸਮਾਂ ਚਾਹੀਦਾ ਹੈ ਇਸ ਸੰਕਟ ਨੂੰ ਹੱਲ ਕਰਨ ਲਈ ਸਦੀਆਂ ਲੱਗ ਜਾਂਦੀਆਂ ਹਨ।ਉਨ੍ਹਾਂ ਕਿਹਾ ਕਿ ਕਾਬਲ ਕਧਾਰ, ਗਜ਼ਨੀ ਤੇ ਜਲਾਲਾਬਾਦ ਵਿਚ ਸਥਿਤੀ ਜ਼ਿਆਦਾ ਹੀ ਡਾਵਾਂ ਡੋਲ ਤੇ ਖਤਰਨਾਕ ਹੈ, ਗਜ਼ਨੀ ਵਿਚ ਗੁਰਦੁਆਰਿਆਂ ਦੀ ਤਬਾਹੀ ਅਤੇ ਬੇਅਦਬੀ ਦੇ ਵੱਧਦੇ ਡਰ ਨੇ ਸਿੱਖਾਂ ਨੂੰ ਜਲਾਲਾਬਾਦ ਅਤੇ ਗਜ਼ਨੀ ਤੋਂ ਕਾਬਲ ਤੀਕ ਗੁਰਦੁਆਰਿਆਂ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਟਾਉਣ ਲਈ ਮਜ਼ਬੂਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਮਨੁੱਖੀ ਸਹਾਇਤਾ ਦੇ ਅੰਤਰਰਾਸ਼ਟਰੀ ਨਿਰਦੇਸ਼ਕ ਨੇ ਵੀ ਇਸ ਸਮੇਂ ਅਫਗਾਨਿਸਤਾਨ ਦੇ ਲੋਕਾਂ ਦੀ ਮਦਦ ਕਰਨ ‘ਚ ਅਸਮਰੱਥਾ ਪ੍ਰਗਟਾਈ ਹੈ।ਅਫਗਾਨਿਸਤਾਨ ਵਿਚਲੀਆਂ ਘੱਟ ਗਿਣਤੀਆਂ ਦੀ ਮਦਦ ਲਈ ਕਨੇਡਾ, ਅਮਰੀਕਾ, ਭਾਰਤ, ਇੰਗਲੈਂਡ ਤੇ ਬਾਕੀ ਦੇਸ਼ਾਂ ਨੂੰ ਖੁਲ੍ਹ ਦਿਲੀ ਨਾਲ ਮਦਦ ਲਈ ਅੱਗੇ ਆਉਂਣਾ ਚਾਹੀਦਾ ਹੈ।ਸਿੰਘ ਸਾਹਿਬ ਨੇ ਕਿਹਾ ਕਿ ਕਿਸੇ ਕੌਮ ਦਾ ਆਪਣੇ ਦੇਸ਼ ਦੀ ਅਜ਼ਾਦੀ ਲਈ ਸ਼ੰਘਰਸ਼ ਕਰਨਾ ਉਨ੍ਹਾਂ ਦਾ ਬੁਨਿਆਦੀ ਹੱਕ ਹੈ ਪਰ ਉੱਥੇ ਵੱਸਦੀਆਂ ਘੱਟ ਗਿਣਤੀਆਂ ਨਾਲ ਬਦਸਲੂਕੀ, ਜ਼ੁਲਮ ਤੇ ਅਸੁਰੱਖਿਆ ਦੀ ਭਾਵਨਾ ਪੈਦਾ ਨਹੀਂ ਹੋਣ ਦੇਣੀ ਚਾਹੀਦੀ।ਉਨ੍ਹਾਂ ਕਿਹਾ ਤਾਲਿਬਾਨ ਲਾੜਕੂਆਂ ਵੱਲੋਂ ਅਫਗਾਨਿਸਤਾਨ ਤੇ ਕਬਜ਼ਾ ਕਰਨ ਤੋਂ ਬਾਅਦ ਲੋਕਾਂ ਵਿਚ ਵੱਡੀ ਬੇਚੈਨੀ ਦਿਖਾਈ ਦਿੱਤੀ ਹੈ।ਉਨ੍ਹਾਂ ਵੱਲੋਂ ਸਰਕਾਰ ਸ਼ਰੀਅਤ ਕਾਨੂੰਨਾਂ ਅਨੁਸਾਰ ਚਲਾਏ ਜਾਣ ਦੇ ਐਲਾਨ ਨੇ ਗੈਰ ਸ਼ਰੀਅਤ ਲੋਕਾਂ ਵਿਚ ਡਰ, ਖੌਫ ਤੇ ਅਸੁਰੱਖਿਅਤ ਦੀ ਭਾਵਨਾ ਨੂੰ ਪ੍ਰਬਲ ਕੀਤਾ ਹੈ।