ਸ਼੍ਰੋਮਣੀ ਕਮੇਟੀ ਰਿਫਰੈਸ਼ਰ ਕੋਰਸ ਲਈ ਸਕੂਲ ਮੁੜ ਸੁਰਜੀਤ ਕਰੇ : ਪ੍ਰੋ. ਬਡੂੰਗਰ
ਪਟਿਆਲਾ 18 ਅਗਸਤ 2021 – ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੰੂ ਲਿਖਤੀ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਪ੍ਰਬੰਧ ਅਧੀਨ ਮੁਲਾਜ਼ਮਾਂ ਦਾ ਰਿਫਰੈਸ਼ਰ ਕੋਰਸ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਮੁੜ ਤੋਂ ਸਕੂਲ ਸੁਰਜੀਤ ਕਰਨੇ ਚਾਹੀਦੇ ਹਨ। ਪ੍ਰੋ. ਬਡੂੰਗਰ ਨੇ ਪੱਤਰ ਵਿਚ ਲਿਖਿਆ ਹੈ ਕਿ ਪ੍ਰਬੰਧ ਅਧੀਨ ਵੱਖ-ਵੱਖ ਜ਼ਿੰਮੇਵਾਰੀਆਂ ’ਤੇ ਕਾਰਜਸ਼ੀਲ ਵਿਅਕਤੀਆਂ ਨੂੰ ਲੋੜ ਅਨੁਸਾਰ ਭਰਤੀ ਤਾਂ ਕਰ ਲਿਆ ਜਾਂਦਾ, ਪ੍ਰੰਤੂ ਇਨ੍ਹਾਂ ਨੂੰਟਰੇਨਿੰਗ ਨਹੀਂ ਦਿੱਤੀ ਜਾਂਦੀ ਅਤੇ ਮੇਰੇ ਆਪਣੇ ਪ੍ਰਧਾਨਗੀ ਕਾਰਜਕਾਲ ਵਿਚ ਛੇ ਦੇ ਕਰੀਬ ਸਕੂਲ ਇਸ ਕਰਕੇ ਖੋਲ੍ਹੇ ਗਏ ਸਨ ਕਿ ਮੁਲਾਜ਼ਮਾਂ ਨੂੰ ਸਮੇਂ ਦਾ ਹਾਣੀ ਅਤੇ ਸੇਵਾ ਨਿਭਾਉਣ ਸਮੇਂ ਪੂਰੀ ਤਰ੍ਹਾਂ ਸਮਰਥ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਮੇਰੇ ਪ੍ਰਧਾਨਗੀ ਕਾਰਜਕਾਲ ਤੋਂ ਬਾਦ ਇਹ ਸਕੂਲ ਬੰਦ ਕਰ ਦਿੱਤੇ ਗਏ ਸਨ। ਪ੍ਰੋ. ਬਡੂੰਗਰ ਨੇ ਕਿਹਾ ਸਮਾਂ ਤੇਜ਼ੀ ਨਾਲ ਅਖੌਤੀ ਆਧੁਨਿਕਤਾ ਵੱਲ ਵੱਧ ਰਿਹਾ ਹੈ ਅਤੇ ਪੰਥ ਵਿਰੋਧੀ ਸ਼ਕਤੀਆਂ ਵੀ ਦਿਨ ਬ ਦਿਨ ਪੰਥਕ ਸੰਸਥਾਵਾਂ, ਸੰਪਰਦਾਵਾਂ ਦੇ ਸਿਧਾਂਤ ਅਤੇ ਗੁਰ ਮਰਿਯਾਦਾ ਨੂੰ ਕਮਜ਼ੋਰ ਕਰਨ ਲਈ ਕਾਰਜਸ਼ੀਲ ਹਨ ਇਸ ਲਈ ਪ੍ਰਬੰਧ ਅਧੀਨ ਸਾਰੇ ਸਮੂਹ ਮੁਲਾਜ਼ਮਾਂ ਨੂੰ ਗੁਰ ਮਰਿਯਾਦਾ/ਸਿਧਾਂਤਾਂ ਅਤੇ ਵਿਰਾਸਤ ’ਤੇ ਕਾਇਮ ਰਹਿੰਦਿਆਂ ਹੋਇਆਂ ਸਮੇਂ ਦਾ ਹਾਣੀ ਬਣਾ ਕੇ ਰੱਖਣ ਲਈ ਜ਼ਰੂਰੀ ਹੈ ਕਿ ਮੁੜ ਤੋਂ ਸਕੂਲ ਸੁਰਜੀਤ ਕੀਤੇ ਜਾਣ।