ਨਵੀਂ ਦਿੱਲੀ – ਗਣਤੰਤਰ ਦਿਵਸ ਤੇ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਮੁੱਖ ਸਾਜਿਸ਼ਕਰਤਾ ਦੀਪ ਸਿੱਧੂ ਅਤੇ ਬਾਕੀ ਵਿਅਕਤੀ ਅੱਜ ਦਿੱਲੀ ਦੀ ਇਕ ਅਦਾਲਤ ਵਿੱਚ ਪੇਸ਼ ਹੋਏ। ਅਭਿਨੇਤਾ ਦੀਪ ਸਿੱਧੂ ਅਤੇ ਹੋਰ ਦੋਸ਼ੀ ਵੀਡੀਓ ਕਾਨਫਰੰਸ ਨਾਲ ਮੁੱਖ ਮੈਟਰੋਪਾਲਿਟਨ ਗਜੇਂਦਰ ਸਿੰਘ ਨਾਗਰ ਦੇ ਸਾਹਮਣੇ ਪੇਸ਼ ਹੋਏ। ਮੋਹਿੰਦਰ ਸਿੰਘ ਖ਼ਾਲਸਾ ਨਾਮੀ ਦੋਸ਼ੀ ਨੇ ਮੈਡੀਕਲ ਕਾਰਨਾਂ ਕਰ ਕੇ ਪੇਸ਼ੀ ਤੋਂ ਛੋਟ ਦੀ ਅਰਜ਼ੀ ਦਿੱਤੀ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ। ਮੁੱਖ ਮੈਟਰੋਪਾਲਿਟਨ ਮੈਜਿਸਟਰੇਟ ਨੇ ਪੁਲਸ ਨੂੰ ਨਿਰਦੇਸ਼ ਦਿੱਤਾ ਕਿ ਸਾਰੇ ਦੋਸ਼ੀਆਂ ਨੂੰ ਪੂਰਕ ਦੋਸ਼ ਪੱਤਰ ਮੁਹੱਈਆ ਕਰਵਾਇਆ ਜਾਵੇ। ਅਗਲੀ ਸੁਣਵਾਈ 22 ਜੁਲਾਈ ਨੂੰ ਹੋਵੇਗੀ।ਜਿਕਰਯੋਗ ਹੈ ਕਿ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ 26 ਜਨਵਰੀ ਨੂੰ ਟਰੈਕਟਰ ਰੈਲੀ ਕੱਢੀ ਸੀ ਅਤੇ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਵਿੱਚ ਦਾਖ਼ਲ ਹੋ ਗਏ ਸਨ। ਉਨ੍ਹਾਂ ਨੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੇ ਕੇਸਰੀ ਝੰਡਾ ਵੀ ਲਹਿਰਾਇਆ ਸੀ। ਇਸ ਦੌਰਾਨ ਪੁਲੀਸ ਮੁਲਾਜ਼ਮਾਂ ਨਾਲ ਉਨ੍ਹਾਂ ਦੀ ਝੜਪ ਹੋ ਗਈ ਸੀ। ਦਿੱਲੀ ਪੁਲੀਸ ਅਨੁਸਾਰ ਉਨ੍ਹਾਂ ਕੋਲ ਇਸ ਗੱਲ ਦੇ ਇਲੈਕਟ੍ਰਾਨਿਕ ਸਬੂਤ ਹਨ ਕਿ ਸਿੱਧੂ ਨੇ ਲਾਠੀ ਅਤੇ ਝੰਡੇ ਲੈ ਕੇ ਆਪਣੇ ਸਮਰਥਕਾਂ ਲਾਲ ਕਿਲ੍ਹੇ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਹਿੰਸਾ ਨੂੰ ਉਤਸ਼ਾਹ ਦਿੱਤਾ। ਸਿੱਧੂ ਨੂੰ 2 ਮਹੀਨੇ ਤੋਂ ਵੱਧ ਸਮੇਂ ਤੱਕ ਜੇਲ੍ਹ ਵਿੱਚ ਰਹਿਣ ਤੋਂ ਬਾਅਦ 17 ਅਪ੍ਰੈਲ ਨੂੰ ਜ਼ਮਾਨਤ ਤੇ ਰਿਹਾਅ ਕੀਤਾ ਗਿਆ ਸੀ।