ਚੰਡੀਗੜ੍ਹ, 3 ਅਗਸਤ 2023 – ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਕਿਹਾ ਕਿ ਸੂਬੇ ਦਾ ਕਰ ਵਿਭਾਗ ਆਪਣੇ ਡਿਜੀਟਲ ਕਰ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਨਤਮ ਸਾਫਟਵੇਅਰ ਅਤੇ ਤਕਨੀਕੀ ਹੱਲ ਅਪਣਾਏਗਾ ਤਾਂ ਜੋ ਅੱਜ-ਕੱਲ ਦੇ ਕਾਰੋਬਾਰੀ ਮਾਹੌਲ ਦੀਆਂ ਚੁਣੌਤੀਆਂ ਨਾਲ ਨਿਜਿੱਠਿਆ ਜਾ ਸਕੇ।
ਇਥੇ ਉਦਯੋਗ ਭਵਨ ਵਿਖੇ ਤੇਲੰਗਾਨਾ ਜੀ.ਐਸ.ਟੀ ਪ੍ਰਸ਼ਾਸਨ ਦਾ ਅਧਿਐਨ ਕਰਕੇ ਵਾਪਿਸ ਪਰਤੀ ਕਰ ਕਮਿਸ਼ਨਰੇਟ ਦੇ ਅਧਿਕਾਰੀਆਂ ਦੀ ਟੀਮ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਵੇਂ ਸਥਾਪਤ ਕੀਤੇ ਗਏ ਟੈਕਸ ਇੰਟੈਲੀਜੈਂਸ ਯੂਨਿਟ (ਟੀ.ਆਈ.ਯੂ.) ਦੁਆਰਾ ਅਪਣਾਈਆਂ ਗਈਆਂ ਡਿਜੀਟਲ ਤਕਨੀਕਾਂ ਕਰ ਪ੍ਰਣਾਲੀ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ, ਕਰ ਆਧਾਰ ਵਧਾਉਣ ਅਤੇ ਚੋਰੀ ਨੂੰ ਰੋਕਣ ਵਿੱਚ ਕਰ ਅਧਿਕਾਰੀਆਂ ਦੀ ਸਹਾਇਤਾ ਕਰਨ ਵਿੱਚ ਕਾਰਗਰ ਸਾਬਤ ਹੋ ਰਹੀਆਂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਸੇ ਵੀ ਸੰਭਾਵੀ ਕਰ ਚੋਰੀ, ਗਲਤ ਰਿਪੋਰਟਿੰਗ ਅਤੇ ਪ੍ਰਸ਼ਾਸਕੀ ਤਰੁੱਟੀਆਂ ਨੂੰ ਰੋਕਣ ਲਈ ਰਾਜ ਦੀਆਂ ਲੋੜਾਂ ਅਨੁਸਾਰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਜਾ ਸਕਣ ਵਾਲੇ ਤਕਨੀਕੀ ਹੱਲਾਂ ਨੂੰ ਤਲਾਸ਼ਣ ਲਈ ਉਤਸ਼ਾਹਿਤ ਕੀਤਾ।
ਇਸ ਦੌਰਾਨ, ਤੇਲੰਗਾਨਾ ਦੌਰੇ ਤੋਂ ਵਾਪਿਸ ਪਰਤੀ ਟੀਮ ਨੇ ਸੂਬੇ ਦੇ ਅਧਿਐਨ ਦੌਰੇ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਜੀਐਸਟੀ ਪ੍ਰਸ਼ਾਸਨ ਵਿੱਚ ਤੇਲੰਗਾਨਾ ਦੁਆਰਾ ਅਪਣਾਏ ਗਏ ਵਧੀਆ ਅਭਿਆਸਾਂ ਬਾਰੇ ਵਿਸਥਾਰਪੂਰਵਕ ਦੱਸਿਆ। ਟੀਮ ਦੁਆਰਾ ਇੱਕ ਪਾਵਰਪੁਆਇੰਟ ਪੇਸ਼ਕਾਰੀ ਦਿੱਤੀ ਗਈ ਜਿਸ ਵਿੱਚ ਤੇਲੰਗਾਨਾ ਦੁਆਰਾ ਅਪਣਾਏ ਗਏ ਅਭਿਆਸਾਂ ਜਿਵੇਂ ਕਿ ਔਨਲਾਈਨ ਨਿਗਰਾਨੀ ਪ੍ਰਣਾਲੀ, ਰਿਟਰਨ ਦੀ ਪਾਲਣਾ, ਰਿਟਰਨਾਂ ਦੀ ਪੜਤਾਲ, ਰਿਫੰਡ ਦੇ ਬਾਅਦ ਆਡਿਟ ਆਦਿ ਨੂੰ ਦਰਸਾਇਆ ਗਿਆ। ਉਨ੍ਹਾਂ ਨੇ ਵਿੱਤ ਮੰਤਰੀ ਨੂੰ ਜਾਣੂ ਕਰਵਾਇਆ ਕਿ ਜੀ.ਐਸ.ਟੀ ਪ੍ਰਸ਼ਾਸਨ ਨੂੰ ਵਧੀਆ ਢੰਗ ਨਾਲ ਲਾਗੂ ਕਰਨ ਲਈ ਲੋੜੀਂਦੇ ਡੇਟਾ ਵਿਸ਼ਲੇਸ਼ਣ ਅਤੇ ਆਈ.ਟੀ. ਅਧਾਰਤ ਮਾਡਿਊਲਾਂ ਦੇ ਵਿਕਾਸ ਵਿੱਚ ਆਈ.ਆਈ.ਟੀ ਹੈਦਰਾਬਾਦ ਦੁਆਰਾ ਤੇਲੰਗਾਨਾ ਦੀ ਸਹਾਇਤਾ ਕੀਤੀ ਜਾ ਰਹੀ ਹੈ।
ਚੀਮਾ ਨੇ ਟੀਮ ਨੂੰ ਤੇਲੰਗਾਨਾ ਦੇ ਸਰਵੋਤਮ ਅਭਿਆਸਾਂ ਨੂੰ ਪੰਜਾਬ ਦੁਆਰਾ ਅਪਣਾਏ ਜਾ ਰਹੇ ਵਧੀਆ ਅਭਿਆਸਾਂ ਨਾਲ ਜੋੜਨ ਲਈ ਰਣਨੀਤੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਤਕਨੀਕੀ ਹੱਲਾਂ ਨਾਲ ਇਮਾਨਦਾਰ ਕਰਦਾਤਾਵਾਂ ਨੂੰ ਕੋਈ ਦਿੱਕਤ ਨਾ ਹੋਵੇ ਅਤੇ ਇਹ ਤਕਨੀਕੀ ਹੱਲ ਡਿਜੀਟਲ ਕਰ ਪ੍ਰਸ਼ਾਸਨ ਦੀਆਂ ਆਏ ਦਿਨ ਬਦਲ ਦੀਆਂ ਲੋੜਾਂ ਨੂੰ ਪੂਰਾ ਕਰਦੇ ਹੋਣ।