ਬਠਿੰਡਾ, 11 ਜੂਨ 2020 – ਬਠਿੰਡਾ ਨਗਰ ਨਿਗਮ ਨੇ ਸ਼ਹਿਰ ਵਿਚੋਂ ਕੂੜਾ ਚੁੱਕਣ ਲਈ 6 ਨਵੇਂ ਟਰੈਕਟਰ ਖਰੀਦੇ ਹਨ। ਇਨ੍ਹਾਂ ਨੂੰ ਅੱਜ ਨਿਗਮ ਦੇ ਦਫ਼ਤਰ ਤੋਂ ਸੀਨੀਅਰ ਕਾਂਗਰਸੀ ਆਗੂ ਸ: ਜੈਜੀਤ ਸਿੰਘ ਜੌਹਲ ਨੇ ਝੰਡੀ ਵਿਖਾ ਕੇ ਕੰਮ ਲਈ ਰਵਾਨਾ ਕੀਤਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ: ਜੈਜੀਤ ਸਿੰਘ ਜੌਹਲ ਨੇ ਦੱਸਿਆ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਯਤਨਾਂ ਨਾਲ ਨਿਗਮ ਵੱਲੋਂ ਸ਼ਹਿਰ ਵਿਚ ਸਫਾਈ ਵਿਵਸਥਾ ਸਮੇਤ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਖਰੀਦੇ ਇਨ੍ਹਾਂ ਟਰੈਕਟਰਾਂ ਦੀ ਨਾਲ ਸ਼ਹਿਰ ਦੇ ਕੂੜਾ ਡੰਪਾਂ ਤੋਂ ਤੇਜੀ ਨਾਲ ਕੂੜੇ ਦੀ ਲਿਫਟਿੰਗ ਹੋਏਗੀ ਅਤੇ ਸ਼ਹਿਰ ਦੀ ਸਵੱਛਤਾ ਵਿਚ ਵਾਧਾ ਹੋਵੇਗਾ।
ਜੌਹਲ ਨੇ ਕਿਹਾ ਕਿ ਬਠਿੰਡਾ ਨਗਰ ਨਿਗਮ ਵੱਲੋਂ ਪਹਿਲਾਂ ਕਦੇ ਵੀ ਮਸ਼ੀਨਰੀ ਵਿਚ ਵਾਧੇ ਲਈ ਕੋਈ ਯਤਨ ਨਹੀਂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਨਿਗਮ ਕੋਲ ਜੋ ਟਰੈਕਟਰ ਸਨ ਉਨਾਂ ਦੀ ਖਰੀਦ 1978 80 ਦਰਮਿਆਨ ਕੀਤੀ ਗਈ ਸੀ।ਉਨ੍ਹਾਂ ਕਿਹਾ ਕਿ ਇਨ੍ਹਾਂ 6 ਟਰੈਕਟਰ ਖਰੀਦਣ ਤੇ ਲਗਭਗ 25 ਲੱਖ ਰੁਪਏ ਖਰਚ ਹੋਏ ਹਨ। ਹਰੇਕ ਟਰੈਕਟਰ 25 ਹਾਰਸ ਪਾਵਰ ਦਾ ਹੈ। ਇਨ੍ਹਾਂ ਨੂੰ ਵੱਖ ਵੱਖ ਜੋਨਾਂ ਵਿਚ ਸਫਾਈ ਕਾਰਜਾਂ ਵਿਚ ਲਗਾਇਆ ਜਾਵੇਗਾ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ, ਕੇਕੇ ਅਗਰਵਾਲ, ਜਗਰੂਪ ਗਿੱਲ, ਪਵਨ ਮਾਨੀ, ਅਸ਼ੋਕ ਪ੍ਰਧਾਨ ਅਤੇ ਸਫਾਈ ਕਰਮਚਾਰੀ ਯੁਨੀਅਨ ਦੇ ਪ੍ਰਧਾਨ ਵੀਰਭਾਨ ਆਦਿ ਵੀ ਹਾਜਰ ਸਨ।