ਬਠਿੰਡਾ, 11 ਜੂਨ 2020 – ਕੋਰੋਨਾ ਵਾਇਰਸ ਦੇ ਸੰਕਟ ਦੇ ਬਾਵਜੂਦ ਮਦਨ ਲਾਲ ਨੂੰ ਆਪਣੇ ਪ੍ਰੀਵਾਰ ਦੀ ਚਿੰਤਾ ਨਹੀਂ। ਨਗਰ ਨਿਗਮ ਦੇ ਇਸ ਕਰਮਚਾਰੀ ਦੇ ਇੱਕ ਬੱਚਾ ਹੈ। ਮਦਨ ਲਾਲ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੁਨੀਵਰਸਿਟੀ ਬਠਿੰਡਾ ਵਿੱਚ ਬਣੇ ਇਕਾਂਤਵਾਸ ਕੇਂਦਰ ਵਿਖੇ ਸਫਾਈ ਦੀ ਸੇਵਾ ਨਿਭਾਅ ਰਿਹਾ ਹੈ। ਉਸ ਨੂੰ ਉੱਥੇ ਇਕਾਂਤਵਾਸ ’ਚ ਰਹਿ ਰਹੇ ਮਰੀਜ਼ਾਂ ਚੋਂ ਆਪਣਾ ਪਟਿਵਾਰ ਦਿਖਾਈ ਦਿੰਦਾ ਹੈ। ਜਦੋਂ ਜਜਬੇ ਨੇ ਹਲੂਣਾ ਦਿੱਤਾ ਤਾਂ ਉਸ ਨੇ ਮਿਸ਼ਨ ਬਣਾ ਲਿਆ ਕਿ ਕਰੋਨਾ ਵਾਇਰਸ ਨੂੰ ਹਰਾ ਕੇ ਹੀ ਹਟਣਾ ਹੈ। ਉਹ ਆਖਦਾ ਹੈ ਕਿ ਪੰਜਾਬੀਆਂ ਦਾ ਤਾਂ ਸੁਭਾਅ ਹੀ ਜੰਗ ’ਚ ਕੁੱਦਣਾ ਤੇ ਉਸ ਨੂੰ ਜਿੱਤਣਾ ਹੈ ਤਾਂ ਉਹ ਕਿਵੇਂ ਪਿੱਛੇ ਰਹਿ ਸਕਦਾ ਹੈ। ਉਸ ਨੇ ਕਿਹਾ ਕਿ ਮਨੁੱਖੀ ਜਾਤੀ ਤੇ ਆਏ ਸੰਕਟ ਵਿਚ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਇਸ ਬਿਮਾਰੀ ਤੋਂ ਸਮਾਜ ਨੂੰ ਬਚਾਉਣ ਲਈ ਕੰਮ ਕਰ ਰਿਹਾ ਹੈ ਤਾਂ ਉੁਹ ਵੀ ਇਸ ਕੰਮ ’ਚ ਜੁਟੇ ਹੋਏ ਹਨ।
ਇੱਥੇ ਸੁਪਰਵਾਈਜਰ ਵਜੋਂ ਸੇਵਾ ਨਿਭਾਅ ਰਹੇ ਦੇਵਕੀ ਨੰਦਨ ਨੇ ਕਿਹਾ ਕਿ ਪਹਿਲੀ ਵਾਰ ਇਹ ਸੇਵਾ ਸ਼ੁਰੂ ਕਰਨ ਵੇਲੇ ਡਰ ਲੱਗਿਆ ਸੀ ਪਰ ਟ੍ਰੇਨਿੰਗ ਤੋਂ ਬਾਅਦ ਅਤੇ ਪੀਪੀਈ ਕਿੱਟਾਂ ਅਤੇ ਹੋਰ ਸੁਰੱਖਿਆ ਸਾਜੋ ਸਮਾਨ ਮਿਲਣ ਤੋਂ ਬਾਅਦ ਹੁਣ ਸਾਨੂੰ ਆਪਣੇ ਕੰਮ ਤੇ ਫਖ਼ਰ ਹੈ। ਉਸਨੇ ਦੱਸਿਆ ਕਿ ਘਰ ਜਾਣ ਵੇਲੇ ਅਸੀਂ ਸਭ ਤੋਂ ਪਹਿਲਾਂ ਬਾਥਰੂਮ ਜਾਂਦੇ ਹਾਂ ਅਤੇ ਆਪਣੇ ਸਾਰੇ ਕੱਪੜੇ ਬੂਟ ਸਰਫ ਵਾਲੇ ਪਾਣੀ ਵਿੱਚ ਡੁਬੋ ਕੇ ਖੁਦ ਧੋਂਦੇ ਹਾਂ ਅਤੇ ਫਿਰ ਨਹਾ ਧੋ ਕੇ ਪਰਿਵਾਰ ਨੂੰ ਮਿਲਦੇ ਹਾਂ। ਬੰਟੀ ਜਿਸ ਦੇ ਪਰਿਵਾਰ ਵਿਚ ਪਤਨੀ ਅਤੇ ਦੋ ਬੱਚੇ ਹਨ ਆਖਦਾ ਹੈ ਕਿ ਜਿੰਨਾਂ ਜਲਦੀ ਹੋ ਸਕੇ ਉਹ ਇਸ ਭੈੜੀ ਬਿਮਾਰੀ ਨੂੰ ਦੇਸ਼ ਵਿਚ ਹਰਾਉਣਾ ਚਾਹੁੰਦੇ ਹਨ। ਉਹ ਦੱਸਦਾ ਹੈ ਕਿ ਉਸਨੂੰ ਆਪਣੇ ਪਰਿਵਾਰ ਤੋਂ ਵੀ ਪ੍ਰੇਰਣਾ ਮਿਲਦੀ ਰਹਿੰਦੀ ਹੈ ਕਿ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਇਸ ਬਿਮਾਰੀ ਖਿਲਾਫ ਲੜਨਾ ਪਵੇਗਾ ਤਾਂਹੀ ਇਸ ਤੇ ਫਤਿਹ ਹਾਸਲ ਕਰਾਂਗੇ।
ਸਿਰਫ 25 ਸਾਲ ਦੇ ਬੀਰੂ ਨੇ ਕਿਹਾ ਕਿ ਉਹ ਅਤੇ ਉਸਦੇ ਹੋਰ ਸਾਥੀ ਸੰਕਰ ਦਾਸ, ਅਜੈ ਕੁਮਾਰ, ਵਿਵੇਕ, ਮੁਕੇਸ਼ ਕੁਮਾਰ, ਰਾਜ ਕੁਮਾਰ ਇੱਥੇ ਸਵੱਛਤਾ ਲਈ ਕੰਮ ਕਰ ਰਹੇ ਹਨ । ਉਨ੍ਹਾਂ ਨੂੰ ਮਾਣ ਹੈ ਕਿ ਉਹ ਸਮਾਜ ਨੂੰ ਬਿਮਾਰੀ ਤੋਂ ਮੁਕਤ ਰੱਖਣ ਵਿਚ ਆਪਣਾ ਤੁੱਛ ਯੋਗਦਾਨ ਪਾ ਰਹੇ ਹਨ। ਉਹ ਆਖਦੇ ਹਨ ਕਿ ਉਹ ਸੇਵਾ ਦੀ ਭਾਵਨਾ ਨਾਲ ਇਹ ਕੰਮ ਕਰਦੇ ਹਨ ਅਤੇ ਉਨ੍ਹਾਂ ਦਾ ਟੀਚਾ ਆਪਣੇ ਦੇਸ਼ ਅਤੇ ਸਮਾਜ ਨੂੰ ਬਿਮਾਰੀ ਤੋਂ ਬਚਾਉਣਾ ਹੈ। ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵੀ ਇੰਨਾਂ ਵੱਲੋਂ ਕੀਤੀ ਜਾ ਰਹੀ ਸੇਵਾ ਦੇ ਕਾਇਲ ਹਨ। ਉਨ੍ਹਾਂ ਕਿਹਾ ਕਿ ਇਸ ਦੌਰ ਵਿਚ ਸਫਾਈ ਦਾ ਕੰਮ ਵੇਖਣ ਵਾਲੇ ਸਾਡੇ ਕਰੋਨਾ ਜੰਗਜੂਆਂ ਦਾ ਯੋਗਦਾਨ ਸਭ ਤੋਂ ਵੱਧ ਹੈ ਜਿਸ ਲਈ ਸਮਾਜ ਉਨਾਂ ਦਾ ਰਿਣੀ ਹੈ। ਉਨ੍ਹਾਂ ਦੱਸਿਆ ਕਿ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਨੂੰ ਪੀਪੀਈ ਕਿੱਟਾਂ ਸਮੇਤ ਸਾਰੇ ਸੁਰੱਖਿਆ ਸਮਾਨ ਦਿੱਤਾ ਗਿਆ ਹੈ ਅਤੇ ਉਹ ਸ਼ਿਫਟਾਂ ਵਿੱਚ ਸਵੱਛਤਾ ਸੇਵਾ ਕਰਦੀਆਂ ਹਨ।
ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਦਾ ਕਹਿਣਾ ਸੀ ਕਿ ਇਕਾਂਤਵਾਸ ਕੇਂਦਰ ਵਿਚਲੇ ਸਫਾਈ ਪ੍ਰਬੰਧਾਂ ਦੀ ਦੇਖ ਰੇਖ ਕਰਨ ਵਾਲੇ ਨਗਰ ਨਿਗਮ ਬਠਿੰਡਾ ਦੇ ਸਫਾਈ ਕਰਮਚਾਰੀਆਂ ਦਾ ਹੌਂਸਲਾਂ ਅਤੇ ਜਜਬਾ ਸਮਾਜ ਲਈ ਮਿਸਾਲ ਹੈ। ਉਨ੍ਹਾਂ ਕਿਹਾ ਕਿ ਦੀ ਭਾਵਨਾ ਵੇਖ ਕੇ ਇਸ ਔਖੀ ਘੜੀ ’ਚ ਦਿੱਤੇ ਜਾ ਰਹੇ ਯੋਗਦਾਨ ਲਈ ਹਰ ਕੋਈ ਉਨਾਂ ਅੱਗੇ ਸੀਸ ਝੁਕਾਉਂਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਲੋਕ ਮਿਸ਼ਨ ਫਤਿਹ ਦੇ ਅਸਲ ਜੰਗਜੂ ਹਨ ਜਿਨ੍ਹਾਂ ਰਾਹੀਂ ਕੋਰੋਨਾ ‘ਤੇ ਜਿੱਤ ਦੀ ਕਹਾਣੀ ਟਿਕੀ ਹੋਈ ਹੈ।
ਚੀਫ ਸੈਨੇਟਰੀ ਇੰਸਪੈਕਟਰ ਸੰਦੀਪ ਕਟਾਰੀਆ ਦਾ ਕਹਿਣਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਯੁਨੀਵਰਸਿਟੀ ਵਿਚ ਬਣੇ ਇਕਾਂਤਵਾਸ ਕੇਂਦਰ ਵਿੱਚ ਇੱਕ ਸੁਪਰਵਾਈਜਰ ਅਤੇ 8 ਸਫਾਈ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਸ ਬੁਲੰਦ ਹੌਂਸਲੇ ਨਾਲ ਇਹ ਲੋਕ ਕੰਮ ਕਰ ਰਹੇ ਹਨ ਉਸਨੂੰ ਦੇਖਅਿਾਂ ਇਕਾਂਤਵਾਸ ਲਈ ਲਿਆਂਦੇ ਜਾਣ ਵਾਲੇ ਲੋਕ ਸੇਵਾ ਦੀ ਸ਼ਲਾਘਾ ਕਰਦਿਆਂ ਧੰਨਵਾਦ ਕਰਨਾ ਨਹੀਂ ਭੁੱਲਦੇ ਹਨ।