ਥਾਣੇ – ਮਹਾਰਾਸ਼ਟਰ ਦੇ ਥਾਣੇ ਜ਼ਿਲ੍ਹੇ ਦੇ ਉਲਹਾਸਨਗਰ ਕਸਬੇ ਵਿੱਚ ਇਮਾਰਤ ਦਾ ਇਕ ਹਿੱਸਾ ਢਹਿ ਜਾਣ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ। ਥਾਣੇ ਜ਼ਿਲ੍ਹੇ ਦੇ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਸੂਬਾ ਸਰਕਾਰ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਦੀ ਮਦਦ ਰਾਸ਼ੀ ਦੇਵੇਗੀ। ਮਰਨ ਵਾਲਿਆਂ ਵਿੱਚ ਇਕ ਨਾਬਾਲਗ, 3 ਔਰਤਾਂ ਅਤੇ 3 ਪੁਰਸ਼ ਸ਼ਾਮਲ ਹਨ। ਨਹਿਰੂ ਚੌਕ ਵਿਚ ਸਥਿਤ 5 ਮੰਜ਼ਿਲਾ ਇਮਾਰਤ ਸਾਈਂ ਸ਼ਕਤੀ ਦਾ ਇਕ ਹਿੱਸਾ ਬੀਤੀ ਰਾਤ ਢਹਿ ਗਿਆ। ਦੇਰ ਰਾਤ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਘਟਨਾ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 4 ਜਾਂ 5 ਵਿਅਕਤੀਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ।ਥਾਣੇ ਨਗਰ ਨਿਗਮ ਦੇ ਖੇਤੀ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਸੰਤੋਸ਼ ਕਦਮ ਨੇ ਦੱਸਿਆ ਕਿ ਮਲਬੇ ਹੇਠੋਂ ਇਕ ਹੋਰ ਲਾਸ਼ ਬਰਾਮਦ ਹੋਣ ਨਾਲ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 7 ਹੋ ਗਈ ਹੈ। ਇਸ ਹਾਦਸੇ ਵਿਚ 3 ਔਰਤਾਂ, 3 ਪੁਰਸ਼ ਅਤੇ ਇਕ ਨਾਬਾਲਗ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮਾਰੇ ਗਏ ਵਿਅਕਤੀ ਦੋ ਪਰਿਵਾਰਾਂ ਤੋਂ ਸਨ। ਇਹ ਇਮਾਰਤ 26 ਸਾਲ ਪੁਰਾਣੀ ਹੈ ਅਤੇ ਇਸ ਵਿੱਚ 29 ਫਲੈਟ ਹਨ।ਜਿਕਰਯੋਗ ਹੈ ਕਿ ਰਾਤ 9 ਵਜੇ 5 ਫਲੈਟਾਂ ਦੇ ਲਿਵਿੰਗ ਰੂਮ ਵਾਲਾ ਹਿੱਸਾ ਢਹਿ-ਢੇਰੀ ਹੋ ਗਿਆ। ਸੂਚਨਾ ਮਿਲਣ ਤੇ ਖੇਤਰੀ ਆਫ਼ਤ ਮੋਚਨ ਬਲ ਅਤੇ ਥਾਣੇ ਆਫ਼ਤ ਮੋਚਨ ਬਲ ਦੇ ਕਾਮੇ ਘਟਨਾ ਵਾਲੀ ਥਾਂ ਤੇ ਪੁੱਜੇ ਅਤੇ ਉਨ੍ਹਾਂ ਨੇ ਤਲਾਸ਼ੀ ਅਤੇ ਬਚਾਅ ਮੁਹਿੰਮ ਸ਼ੁਰੂ ਕੀਤਾ। ਅਧਿਕਾਰੀ ਦੱਸਿਆ ਕਿ 7ਵੀਂ ਲਾਸ਼ ਬਰਾਮਦ ਹੋਣ ਮਗਰੋਂ ਬੀਤੀ ਰਾਤ 12.46 ਵਜੇ ਤਲਾਸ਼ੀ ਮੁੁਹਿੰਮ ਬੰਦ ਕਰ ਦਿੱਤੀ ਗਈ। ਏਕਨਾਥ ਸ਼ਿੰਦੇ ਸਥਿਤੀ ਦਾ ਜਾਇਜ਼ਾ ਲੈਣ ਲਈ ਘਟਨਾ ਵਾਲੀ ਥਾਂ ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਇਸ ਖੇਤਰ ਵਿੱਚ ਇਹ ਦੂਜੀ ਅਜਿਹੀ ਘਟਨਾ ਹੈ।