ਮੋਗਾ 10 ਅਪ੍ਰੈਲ 2024- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ, ਸਹਾਇਕ ਕਮਿਸ਼ਨਰ-ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ੍ਰੀਮਤੀ ਸ਼ੁਭੀ ਆਂਗਰਾ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਲਗਾਤਾਰ ਸਵੀਪ ਗਤੀਵਿਧੀਆਂ ਆਯੋਜਿਤ ਕਰਕੇ ਨਾਗਰਿਕਾਂ ਨੂੰ ਵੋਟ ਦੇ ਇਸਤੇਮਾਲ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸਵੀਪ ਟੀਮ ਦੇ ਮੈਂਬਰ ਲਗਾਤਾਰ ਇਸ ਖੇਤਰ ਵਿੱਚ ਕੜੀ ਮਿਹਨਤ ਕਰ ਰਹੇ ਹਨ ਤਾਂ ਕਿ ਵੋਟ ਫੀਸਦੀ ਵਿੱਚ ਵਾਧਾ ਕੀਤਾ ਜਾ ਸਕੇ।
ਇਸਦੀ ਲਗਾਤਾਰਤਾ ਵਿੱਚ ਅੱਜ ਮੋਗਾ ਦੀ ਨਵੀਂ ਅਨਾਜ਼ ਮੰਡੀ ਵਿੱਚ ਲੱਗੇ ਕਿਸਾਨ ਬਜ਼ਾਰ ਵਿੱਚ ਵੀ ਸਵੀਪ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ ਤਾਂ ਕਿ ਕਿਸਾਨਾਂ ਅਤੇ ਗ੍ਰਾਹਕਾਂ ਨੂੰ ਵੋਟ ਦੇ ਸਹੀ ਇਸਤੇਮਾਲ ਬਾਰੇ ਜਾਗਰੂਕ ਕੀਤਾ ਜਾ ਸਕੇ। ਇਸ ਸਮੇਂ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਮੋਗਾ ਸ੍ਰੀ ਗੁਰਪ੍ਰੀਤ ਸਿੰਘ ਘਾਲੀ, ਸਵੀਪ ਨੋਡਲ ਅਫ਼ਸਰ ਹਲਕਾ ਮੋਗਾ ਅਮਨਦੀਪ ਗੋਸਵਾਮੀ, ਸਾਬਕਾ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਮੌਜੂਦ ਰਹੇ।
ਕਿਸਾਨਾਂ ਅਤੇ ਗ੍ਰਾਹਕਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ ਘਾਲੀ ਨੇ ਦੱਸਿਆ ਕਿ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਵੋਟਾਂ ਵਾਲੇ ਦਿਨ ਆਪਣੇ ਹੋਰ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢ ਕੇ ਚੰਗੇ ਲੋਕਤੰਤਰ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੇ ਮਨੋਰਥ ਵਜੋਂ ਵੋਟ ਪਾਉਣ ਜਾਈਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦਿਵਿਆਂਗਜਨਾਂ ਅਤੇ ਬਜੁਰਗ ਵੋਟਰਾਂ ਦੀ ਵੋਟਾਂ ਵਿੱਚ ਹਿੱਸੇਦਾਰੀ ਵਧਾਉਣ ਲਈ ਉਨ੍ਹਾਂ ਨੂੰ ਵਿਸ਼ੇਸ਼ ਸਹੂਲਤਾਂ ਦੇ ਰਿਹਾ ਹੈ ਤਾਂ ਕਿ ਉਹ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਬਜੁਰਗ 85 ਸਾਲ ਤੋਂ ਵੱਧ ਉਮਰ ਦਾ ਬਜ਼ੁਰਗ ਹੈ ਤਾਂ ਉਹ ਆਪਣੇ ਘਰ ਬੈਠੇ ਹੀ ਆਪਣੀ ਵੋਟ ਪਾ ਸਕਦਾ ਹੈ, ਇਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਟੀਮਾਂ ਦਾ ਗਠਨ ਕੀਤਾ ਜਾਵੇਗਾ ਜੋ ਤੁਹਾਡੇ ਘਰ ਆਉਣਗੇ। ਇਸਦੇ ਲਈ ਉਹਨਾਂ ਨੂੰ ਆਪਣੇ ਬੀ ਐਲ ਓ ਦੀ ਮਦਦ ਲੈਣੀ ਪਵੇਗੀ ਅਤੇ ਵੋਟਰ ਹੈਲਪਲਾਈਨ ਐਪ ਰਾਹੀਂ ਰਜਿਸਟਰ ਕਰਾਉਣਾ ਹੋਵੇਗਾ। ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਮੋਗਾ ਦੇ ਸਵੀਪ ਨੋਡਲ ਅਫਸਰ ਅਮਨਦੀਪ ਗੋਸਵਾਮੀ ਨੇ ਕਿਹਾ ਕਿ ਸਾਰੇ ਕਿਸਾਨ ਵੋਟਰ ਆਪਣੀ ਵੋਟ ਜਰੂਰ ਪਾਉਣ। ਇਸ ਤਰ੍ਹਾਂ ਉਹ ਚੰਗੇ ਲੋਕਤੰਤਰ ਦੀ ਨੀਂਹ ਨੂੰ ਹੋਰ ਮਜਬੂਤ ਕਰਨ ਵਿੱਚ ਯੋਗਦਾਨ ਪਾ ਸਕਣਗੇ।