ਨਵੀਂ ਦਿੱਲੀ – ਕੋਰੋਨਾ ਵਾਇਰਸ ਦੀ ਦੂਜੀ ਲਹਿਰ ਭਾਰਤ ਵਿੱਚ ਕਹਿਰ ਵਰ੍ਹਾ ਰਹੀ ਹੈ। ਮੌਤਾਂ ਦਾ ਅੰਕੜਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਅਜਿਹੇ ਵਿਚ ਟੀਕਾਕਰਨ ਦੀ ਰਫ਼ਤਾਰ ਵਧਾਉਣ ਦੀ ਮੰਗ ਜ਼ੋਰ ਫੜ ਰਹੀ ਹੈ। ਇਸ ਦਰਮਿਆਨ ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਇਸ 2021 ਵਿੱਚ ਭਾਰਤ ਨੂੰ ਵੈਕਸੀਨ ਦੀਆਂ 5 ਕਰੋੜ ਖ਼ੁਰਾਕਾਂ (ਡੋਜ਼) ਦੇਣ ਨੂੰ ਤਿਆਰ ਹੈ ਪਰ ਕੰਪਨੀ ਭਾਰਤ ਸਰਕਾਰ ਤੋਂ ਕੁਝ ਨਿਯਮਾਂ ਵਿੱਚ ਛੋਟ ਚਾਹੁੰਦੀ ਹੈ। ਜਿਕਰਯੋਗ ਹੈ ਕਿ ਅਮਰੀਕੀ ਕੰਪਨੀ ਫਾਈਜ਼ਰ ਨੇ 5 ਕਰੋੜ ਟੀਕੇ ਇਸ ਸਾਲ ਉਪਲੱਬਧ ਕਰਾਉਣ ਦੀ ਗੱਲ ਆਖੀ ਹੈ। ਇਨ੍ਹਾਂ ਵਿੱਚੋਂ 1 ਕਰੋੜ ਟੀਕੇ ਜੁਲਾਈ ਵਿੱਚ, 1 ਕਰੋੜ ਟੀਕੇ ਅਗਸਤ ਅਤੇ 2 ਕਰੋੜ ਸਤੰਬਰ ਅਤੇ 1 ਕਰੋੜ ਟੀਕੇ ਅਕਤੂਬਰ ਵਿਚ ਉਪਲੱਬਧ ਕਰਵਾਏ ਜਾਣਗੇ।ਕੰਪਨੀ ਨੇ ਕਿਹਾ ਕਿ ਉਹ ਸਿਰਫ ਭਾਰਤ ਸਰਕਾਰ ਨਾਲ ਗੱਲ ਕਰੇਗੀ ਅਤੇ ਟੀਕਿਆਂ ਦਾ ਭੁਗਤਾਨ ਭਾਰਤ ਸਰਕਾਰ ਨੂੰ ਫਾਈਜ਼ਰ ਇੰਡੀਆ ਨਾਲ ਕਰਨਾ ਪਵੇਗਾ।ਖਰੀਦੇ ਗਏ ਟੀਕੇ ਦਾ ਘਰੇਲੂ ਪੱਧਰ ਤੇ ਵੰਡ ਕਰਨ ਦਾ ਕੰਮ ਵੀ ਭਾਰਤ ਸਰਕਾਰ ਨੂੰ ਖ਼ੁਦ ਕਰਨਾ ਹੋਵੇਗਾ।ਕੰਪਨੀ ਨੇ ਇਹ ਸ਼ਰਤ ਵੀ ਰੱਖੀ ਹੈ ਕਿ ਜੇਕਰ ਫਾਈਜ਼ਰ ਦੀ ਵੈਕਸੀਨ ਲੱਗਣ ਤੋਂ ਬਾਅਦ ਕਿਸੇ ਪ੍ਰਕਾਰ ਦਾ ਕੋਈ ਕਾਨੂੰਨੀ ਪੇਂਚ ਫਸਦਾ ਹੈ ਤਾਂ ਇਸ ਲਈ ਕੰਪਨੀ ਜਵਾਬਦੇਹ ਨਹੀਂ ਹੋਵੇਗੀ।ਫਾਈਜ਼ਰ ਨੇ ਭਾਰਤ ਸਰਕਾਰ ਨੂੰ ਟੀਕੇ ਦੀ ਸਪਲਾਈ ਲਈ ਭਾਰਤ ਸਰਕਾਰ ਨਾਲ ਸਮਝੌਤੇ ਦੀ ਸ਼ਰਤ ਵੀ ਰੱਖੀ ਹੈ ਅਤੇ ਇਸ ਦੇ ਦਸਤਾਵੇਜ਼ ਭੇਜ ਦਿੱਤੇ ਹਨ।ਫਾਈਜ਼ਰ ਮੁਤਾਬਕ ਉਸ ਨੇ ਅਮਰੀਕਾ ਸਮੇਤ 116 ਦੇਸ਼ਾਂ ਨਾਲ ਇਸ ਦੇ ਕਰਾਰ ਕੀਤੇ ਹਨ।ਕੰਪਨੀ ਫਾਈਜ਼ਰ ਮੁਤਾਬਕ ਦੁਨੀਆ ਭਰ ਵਿੱਚ ਫਾਈਜ਼ਰ ਟੀਕੇ ਦੀ ਹੁਣ ਤੱਕ 14.7 ਕਰੋੜ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਫ਼ਿਲਹਾਲ ਕਿਤੋਂ ਵੀ ਕਿਸੇ ਤਰ੍ਹਾਂ ਦੇ ਮਾੜਾ ਪ੍ਰਭਾਵ ਦੀ ਰਿਪੋਰਟ ਨਹੀਂ ਆਈ ਹੈ।ਜਿਕਰਯੋਗ ਹੈ ਕਿ ਦੇਸ਼ ਵਿਚ ਕੋਵਿਡ-19 ਟੀਕਾਕਰਨ ਮੁਹਿੰਮ ਵਿੱਚ ਫ਼ਿਲਹਾਲ ਦੋ ਟੀਕਿਆਂ- ਕੋਵੀਸ਼ੀਲਡ ਅਤੇ ਕੋਵੈਕਸੀਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਸਾਲ ਜਨਵਰੀ ਦੇ ਅੱਧ ਵਿਚ ਸ਼ੁਰੂ ਕੀਤੇ ਗਏ ਕੋਰੋਨਾ ਟੀਕਾਕਰਨ ਮੁਹਿੰਮ ਤੋਂ ਬਾਅਦ ਹੁਣ ਤੱਕ 20 ਕਰੋੜ ਟੀਕੇ ਦੀਆਂ ਖ਼ੁਰਾਕਾਂ ਲੋਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ। ਭਾਰਤ ਨੇ ਰੂਸ ਦੀ ਸਪੂਤਨਿਕ ਵੀ ਵੈਕਸੀਨ ਨੂੰ ਵੀ ਮਨਜ਼ੂਰੀ ਦਿੱਤੀ ਹੈ।