ਕੈਲਗਰੀ/ਐਡਮਿੰਟਨ, 04 ਅਕਤੂਬਰ 2021- ਅਲਬਰਟਾ ‘ਚ ਮੇਅਰ,ਕੌਂਸਲਰ ਤੇ ਸਕੂਲ ਟਰੱਸਟੀ ਦੀ ਚੋਣ 18 ਅਕਤੂਬਰ ਨੂੰ ਹੋਣ ਜਾ ਰਹੀ ਹੈ ਜਿਸ ਦੇ ਲਈ ਅੱਜ 4 ਤੋਂ 13 ਅਕਤੂਬਰ ਤੱਕ ਐਡਵਾਂਸ ਪੋਲਿੰਗ ਸ਼ੁਰੂ ਹੋ ਰਹੀ ਹੈ।
ਅਲਬਰਟਾ ਦੇ ਦੋ ਪ੍ਰਮੁੱਖ ਸ਼ਹਿਰ ਕੈਲਗਰੀ ਤੇ ਐਡਮਿੰਟਨ ਹਨ ਜਿਨ੍ਹਾਂ ‘ਚ ਮੇਅਰ ਦੀ ਚੋਣ ਲਈ ਦੋ ਪੰਜਾਬੀ ਵੀ ਚੋਣ ਮੈਦਾਨ ‘ਚ ਹਨ, ਅਗਰ ਅਸੀਂ ਗੱਲ ਕਰੀਏ ਐਡਮਿੰਟਨ ਸ਼ਹਿਰ ਦੀ ਤਾਂ ਇੱਥੋਂ ਅਮਰਜੀਤ ਸੋਹੀ ਚੋਣ ਮੈਦਾਨ ‘ਚ ਹਨ ਜਿਨ੍ਹਾਂ ਬਾਰੇ ਚੋਣ ਸਰਵੇਖਣਾਂ ‘ਚ ਵੀ ਇਹ ਸਾਹਮਣੇ ਆ ਰਿਹਾ ਹੈ ਕਿ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਉਹ ਮੇਅਰ ਬਣ ਸਕਦੇ ਹਨ। ਇਹ ਸੰਭਾਵਨਾ ਕੋਈ ਅਚਾਨਕ ਜਾਂ ਥੋੜ੍ਹੇ ਸਮੇਂ ‘ਚ ਨਹੀਂ ਬਣੀ ਇਸ ਪਿੱਛੇ ਉਨ੍ਹਾਂ ਦਾ ਲੰਬਾ ਸਿਆਸੀ ਸਫਰ ਹੈ ਜਿਸ ਨੂੰ ਦੇਖਦਿਆਂ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਅਹੁਦੇ ਲਈ ਜਿੱਤ ਪ੍ਰਾਪਤ ਕਰ ਸਕਦੇ ਹਨ।
ਪੰਜਾਬ ਦੇ ਬਨਭੌਰੇ ਪਿੰਡ ਦੇ ਜੰਮਪਲ ਅਮਰਜੀਤ ਸੋਹੀ
ਜਦੋਂ ਅਸੀਂ ਅਮਰਜੀਤ ਸੋਹੀ ਦੇ ਸਿਆਸੀ ਸਫਰ ਬਾਰੇ ਗੱਲ ਕਰਦੇ ਹਾਂ ਤਾਂ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਬਾਰੇ ਜਾਣਨਾ ਵੀ ਜ਼ਰੂਰੀ ਹੈ, ਅਮਰਜੀਤ ਸੋਹੀ ਦਾ ਜਨਮ ਨਵੇਂ ਬਣੇ ਜ਼ਿਲ੍ਹੇ ਮਲੇਰਕੋਟਲਾ ਨਾਲ ਸੰਬੰਧਤ ਹੈ ਉਨ੍ਹਾਂ ਦਾ ਪਿੰਡ ਬਨਭੌਰਾ ਹੁਣ ਨਵੇਂ ਜ਼ਿਲ੍ਹੇ ‘ਚ ਆਉਂਦਾ ਹੈ ਜੋ ਪਹਿਲਾਂ ਸੰਗਰੂਰ ‘ਚ ਆਉਂਦਾ ਸੀ। ਅਮਰਜੀਤ ਸੋਹੀ ਦਾ ਵੱਡਾ ਭਰਾ ਉਨ੍ਹਾਂ ਤੋਂ ਪਹਿਲਾਂ ਐਡਮਿੰਟਨ ‘ਚ ਰਹਿੰਦਾ ਸੀ ਜਿਸ ਤੋਂ ਬਾਅਦ ਸੋਹੀ ਵੀ 1981 ‘ਚ ਉਨ੍ਹਾਂ ਵੱਲੋਂ ਇੱਥੇ ਬੁਲਾਅ ਲਿਆ ਗਿਆ, ਇਕ ਵਾਰ 1988 ‘ਚ ਸੋਹੀ ਵਾਪਸ ਭਾਰਤ ਵੀ ਚਲੇ ਗਏ ਸਨ ਉਹ ਇਕ ਵੱਖਰਾ ਮਸਲਾ ਹੈ। ਐਡਮਿੰਟਨ ‘ਚ ਹੀ ਉਨ੍ਹਾਂ ਨੇ ਸਕੂਲ ਦੀ ਪੜਾਈ ਕੀਤੀ ਤੇ ਇਕ ਪੰਜਾਬੀ ਸੰਸਥਾ ‘ਚ ਨਾਟਕ ਵੀ ਖੇਡਦੇ ਰਹੇ। ਕੁੱਝ ਸਮਾਂ ਉਨ੍ਹਾਂ ਨੇ ਬੱਸ ਡਰਾਇਵਰ ਵਜੋਂ ਵੀ ਕੰਮ ਕੀਤਾ।
ਸਿਆਸੀ ਸਫਰ ਦੀ ਸ਼ੁਰੂਆਤ
ਅਮਰਜੀਤ ਸੋਹੀ ਦਾ ਸਿਆਸੀ ਸਫਰ 2004 ਸ਼ੁਰੂ ਹੋਇਆ ਤੇ ਉਹ ਐਡਮਿੰਟਨ ਦੇ ਵਾਰਡ ਨੰਬਰ 12 ਤੋਂ 2007 ‘ਚ ਪਹਿਲੀ ਵਾਰ ਕੌਂਸਲਰ ਬਣੇ ਤੇ ਲਗਾਤਾਰ ਤਿੰਨ ਵਾਰ ਇਸੇ ਵਾਰਡ ਤੋਂ ਕੌਂਸਲਰ ਜਿੱਤਦੇ ਰਹੇ। ਇਸ ਤੋਂ ਪਹਿਲਾਂ 2013 ‘ਚ ਵੀ ਸੋਹੀ ਮੇਅਰ ਦੀ ਚੋਣ ਲੜਨ ਵਾਲੇ ਸਨ ਪਰ ਉਸ ਫੈਡਰਲ ਚੋਣਾਂ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਮੇਅਰ ਦੀ ਚੋਣ ਲੜਦੇ ਲੜਦੇ ਰਹਿ ਗਏ।
2015 ‘ਚ ਉਨ੍ਹਾਂ ਮਿੱਲਵੁੱਡਜ ਹਲਕੇ ਤੋਂ ਮੈਂਬਰ ਪਾਰਲੀਕਮੈਂਟ ਦੀ ਚੋਣ ਲਿਬਰਲ ਪਾਰਟੀ ਵੱਲੋਂ ਲੜੀ ਤੇ ਜਸਟਿਨ ਟਰੂਡੋ ਦੇ ਬਹੁਤ ਨੇੜਲਿਆਂ ‘ਚੋਂ ਗਿਣੇ ਜਾਣ ਲੱਗੇ। ਉਹ 2015-18 ਤੱਕ ਇਨਫਰਾ ਸਟਰਕਚਰ ਕਮਿਉਨਿਟੀ ਰਹੇ ਤੇ ਜਿਸ ਤੋਂ ਬਾਅਦ ਉਹ 2018-19 ‘ਚ ਕੁਦਰਤੀ ਸੋਮਿਆਂ ਦੇ ਮੰਤਰੀ ਵੀ ਰਹੇ। ਜਿਸ ਦੌਰਾਨ ਉਨ੍ਹਾਂ ਨੇ ਅਲਬਰਟਾ ਦੇ ਅਨਰਜੀ ਖੇਤਰ ਲਈ ਬਹੁਤ ਕੰਮ ਕੀਤਾ।
ਹੁਣ ਤੱਕ ਦੇ ਜਿੰਨੇ ਵੀ ਚੋਣ ਸਰਵੇਖਣ ਮੇਅਰ ਦੀ ਚੋਣ ਸੰਬੰਧੀ ਆਏ ਹਨ ਉਨ੍ਹਾਂ ‘ਚ ਅਮਰਜੀਤ ਸੋਹੀ ਅੱਗੇ ਚੱਲਦੇ ਹੀ ਦਿਖਾਈ ਦਿੱਤੇ ਹਨ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਐਡਮਿੰਟਨ ਦਾ ਮੇਅਰ ਇਕ ਪੰਜਾਬੀ ਹੋਵੇਗਾ ਜੋ ਭਾਈਚਾਰੇ ਲਈ ਇਕ ਵੱਡੇ ਮਾਣ ਵਾਲੀ ਗੱਲ ਹੋਵੇਗੀ।